ਏਪੀਜੇ ਸਕੂਲ ’ਚ ਸਾਲਾਨਾ ਖੇਡ ਮੇਲੇ 2026 ਦੀ ਸ਼ਾਨਦਾਰ ਸਮਾਪਤੀ ਏਪੀਜੇ ਸਕੂਲ ’ਚ ਸਾਲਾਨਾ ਖੇਡ ਮੇਲੇ 2026 ਦੀ ਸ਼ਾਨਦਾਰ ਸਮਾਪਤੀ
Publish Date: Sun, 15 Nov 2026 07:02 PM (IST)
Updated Date: Sun, 15 Nov 2026 07:03 PM (IST)
ਮਹਿਰਾ, ਪੰਜਾਬੀ ਜਾਗਰਣ ਖਰੜ : ਏਪੀਜੇ ਪਬਲਿਕ ਸਕੂਲ ਮੁੰਡੀ ਖਰੜ ਵਿਖੇ 15 ਨਵੰਬਰ 2026 ਨੂੰ ਸਾਲਾਨਾ ਖੇਡ ਮੇਲੇ 2026 ਦੀ ਸ਼ਾਨਦਾਰ ਸਮਾਪਤੀ ਬੜੇ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਨਾਲ ਹੋਈ। ਸਕੂਲ ਦਾ ਖੇਡ ਮੈਦਾਨ ਵਿਦਿਆਰਥੀਆਂ ਦੀਆਂ ਖੁਸ਼ੀਆਂ, ਤਾੜੀਆਂ ਅਤੇ ਹੌਸਲਾ ਅਫ਼ਜ਼ਾਈ ਦੀਆਂ ਆਵਾਜ਼ਾਂ ਨਾਲ ਗੂੰਜ ਉੱਠਿਆ। ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਬੜੇ ਉਤਸ਼ਾਹ ਨਾਲ ਭਾਗ ਲਿਆ। ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਦਿਲਚਸਪ ਦੌੜਾਂ ਅਤੇ ਮਨੋਰੰਜਕ ਮੁਕਾਬਲੇ ਕਰਵਾਏ ਗਏ। ਲੜਕਿਆਂ ਨੇ ਬਾਲ ਕਲੈਕਸ਼ਨ ਦੌੜ, ਜ਼ਿਗ-ਜ਼ੈਗ ਦੌੜ, 80 ਮੀਟਰ ਦੌੜ, ਰੁਕਾਵਟ ਦੌੜ, ਹਰਡਲ ਦੌੜ, ਪਿੱਛੇ ਵੱਲ ਦੌੜ, ਇਕ ਲੱਤ ਵਾਲੀ ਦੌੜ, ਡੱਡੂ ਛਾਲ, ਹਾਥੀ ਚਾਲ ਅਤੇ ਬੋਰੀ ਦੌੜ ’ਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਲੜਕੀਆਂ ਨੇ ਬਾਲ ਕਲੈਕਸ਼ਨ ਦੌੜ, ਕਿਤਾਬ ਸੰਤੁਲਨ ਦੌੜ, ਮਟਕਾ ਦੌੜ, ਚਮਚਾ ਅਤੇ ਕੱਪ ਦੌੜ, ਨਿੰਬੂ ਚਮਚਾ ਦੌੜ, ਰੁਕਾਵਟ ਦੌੜ, ਜ਼ਿਗ-ਜ਼ੈਗ ਦੌੜ, ਹਰਡਲ ਦੌੜ ਅਤੇ ਬੈਗ ਪੈਕਿੰਗ ਦੌੜ ’ਚ ਉਤਸ਼ਾਹ ਨਾਲ ਭਾਗ ਲਿਆ। ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਵੀ ਜੰਪਿੰਗ ਦੌੜ, ਗੁਬਾਰਾ ਫੋੜ ਦੌੜ, ਮਟਕਾ ਦੌੜ, ਬਾਲ ਕਲੈਕਸ਼ਨ ਦੌੜ ਅਤੇ ਬਟਰਫਲਾਈ ਦੌੜ ਵਰਗੀਆਂ ਮਨੋਰੰਜਕ ਗਤੀਵਿਧੀਆਂ ਰਾਹੀਂ ਸਮਾਗਮ ’ਚ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦੇ ਸਹਾਇਕ ਕਰਮਚਾਰੀਆਂ ਨੇ ਵੀ ਵੱਖ-ਵੱਖ ਦੌੜਾਂ ’ਚ ਭਾਗ ਲੈ ਕੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਅੰਜੂ ਚੰਦਰ, ਸਾਬਕਾ ਪ੍ਰਧਾਨ ਨਗਰ ਕੌਂਸਲ ਖਰੜ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਨ੍ਹਾਂ ਨੇ ਸਮਾਗਮ ਦੀ ਸ਼ੋਭਾ ਵਧਾਈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੀ ਭਰਪੂਰ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ’ਚ ਵੱਧ-ਚੜ੍ਹ ਕੇ ਭਾਗ ਲੈਣ, ਲਗਨ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਵੀਰ ਚੰਦਰ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ’ਚ ਪਹਿਲਾ, ਦੂਜਾ ਜਾਂ ਤੀਜਾ ਸਥਾਨ ਪ੍ਰਾਪਤ ਕਰਨਾ ਹੀ ਸਭ ਕੁਝ ਨਹੀਂ ਹੁੰਦਾ, ਸਗੋਂ ਸਭ ਤੋਂ ਮਹੱਤਵਪੂਰਨ ਗੱਲ ਖੇਡਾਂ ’ਚ ਭਾਗ ਲੈਣਾ, ਪੂਰੀ ਲਗਨ ਨਾਲ ਮਿਹਨਤ ਕਰਨਾ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਭਾਗੀਦਾਰ ਜੇਤੂ ਹੁੰਦਾ ਹੈ, ਕਿਉਂਕਿ ਮੁਕਾਬਲੇ ’ਚ ਹਿੱਸਾ ਲੈਣਾ ਆਪਣੇ ਆਪ ’ਚ ਹਿੰਮਤ ਅਤੇ ਆਤਮ-ਵਿਸ਼ਵਾਸ ਦੀ ਨਿਸ਼ਾਨੀ ਹੈ। ਇਹ ਸਮਾਗਮ ਵਿਦਿਆਰਥੀਆਂ ਦੇ ਮਨਾਂ ’ਚ ਅਭੁੱਲ ਯਾਦਾਂ ਛੱਡ ਗਿਆ ਅਤੇ ਉਨ੍ਹਾਂ ਨੂੰ ਸਰੀਰਕ ਤੰਦਰੁਸਤੀ, ਅਨੁਸ਼ਾਸਨ, ਟੀਮ ਵਰਕ ਅਤੇ ਖੇਡ ਭਾਵਨਾ ਦੀ ਮਹੱਤਤਾ ਦਾ ਸੰਦੇਸ਼ ਦੇ ਗਿਆ।