ਸੂਬਾਈ ਗਣਿਤ ਮੇਲੇ ਦਾ ਸ਼ਾਨਦਾਰ ਸਮਾਪਤੀ ਸਮਾਰੋਹ ਸੰਪੰਨ ਸੂਬਾਈ ਗਣਿਤ ਮੇਲੇ ਦਾ ਸ਼ਾਨਦਾਰ ਸਮਾਪਤੀ ਸਮਾਰੋਹ ਸੰਪੰਨ
Publish Date: Sun, 11 Oct 2026 06:07 PM (IST)
Updated Date: Sun, 11 Oct 2026 06:08 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਰਵਹਿਤਕਾਰੀ ਸਿੱਖਿਆ ਸਮਿਤੀ ਦੀ ਸਰਪ੍ਰਸਤੀ ਹੇਠ ਡੇਰਾਬੱਸੀ ਦੇ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਕੈਂਪਸ ਵਿਖੇ ਤਿੰਨ ਦਿਨਾਂ ਸੂਬਾਈ ਗਣਿਤ ਮੇਲੇ ਦਾ ਸਮਾਪਤੀ ਸਮਾਰੋਹ ਬਹੁਤ ਉਤਸ਼ਾਹ ਅਤੇ ਧੂਮ-ਧਾਮ ਨਾਲ ਆਯੋਜਿਤ ਕੀਤਾ ਗਿਆ। ਇਸ ਸੂਬਾਈ ਮੇਲੇ ਵਿਚ ਵੱਖ-ਵੱਖ ਸਕੂਲਾਂ ਦੇ 314 ਵਿਦਿਆਰਥੀਆਂ ਅਤੇ 30 ਜੱਜਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਗਣਿਤ ਪ੍ਰਤੀ ਦਿਲਚਸਪੀ ਪੈਦਾ ਕਰਨਾ, ਤਰਕਪੂਰਨ ਸੋਚ ਨੂੰ ਉਤਸ਼ਾਹਤ ਕਰਨਾ ਅਤੇ ਉਨ੍ਹਾਂ ਦੀ ਰਚਨਾਤਮਕ ਅਤੇ ਵਿਗਿਆਨਕ ਪ੍ਰਤਿਭਾ ਨੂੰ ਨਿਖਾਰਨਾ ਸੀ। ਪ੍ਰੋਗਰਾਮ ਦਾ ਰਸਮੀ ਉਦਘਾਟਨ ਪ੍ਰਿੰਸੀਪਲ ਪਵਨ ਕੁਮਾਰ ਵੱਲੋਂ ਮਹਿਮਾਨਾਂ ਦੀ ਮੌਜੂਦਗੀ ਵਿਚ ਦੀਵਾ ਜਗ੍ਹਾ ਕੇ ਕੀਤਾ ਗਿਆ। ਸਮਾਗਮ ਵਿਚ ਕਈ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਮੁੱਖ ਬੁਲਾਰੇ ਵਜੋਂ ਸ਼੍ਰੀਮਤੀ ਤਮੰਨਾ ਸ਼ਰਮਾ (ਸੂਬਾਈ ਕੋਆਰਡੀਨੇਟਰ, ਪੰਜਾਬ ਮਹਿਲਾ ਤਾਲਮੇਲ ਵਿਭਾਗ) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਅਨੁਰਾਗ ਬਾਲਾ ਵਿਭਾਗ ਸਕੱਤਰ, ਚੰਡੀਗੜ੍ਹ, ਕੇ. ਸ਼ਰਮਾ ਉੱਤਰੀ ਖੇਤਰੀ ਆਡੀਟਰ, ਸੁਰੇਸ਼ ਸਿੰਗਲਾ ਸਾਬਕਾ ਉਪ ਪ੍ਰਧਾਨ ਵਿਦਿਆ ਭਾਰਤੀ ਪੰਜਾਬ, ਸੋਹਨ ਲਾਲ, ਅਨੁਵਰਤ ਸ਼ਰਮਾ, ਸਕੂਲ ਮੈਨੇਜਰ ਪ੍ਰਦੀਪ ਰਾਣਾ ਅਤੇ ਐਡਵੋਕੇਟ ਦੀਪਕ ਗੁਪਤਾ ਸਮੇਤ ਪ੍ਰਬੰਧਕੀ ਕਮੇਟੀ ਦੇ ਮੈਂਬਰ ਮੌਜੂਦ ਸਨ। ਪ੍ਰਿੰਸੀਪਲ ਪਵਨ ਕੁਮਾਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਤਿੰਨ ਦਿਨਾਂ ਤੱਕ ਚੱਲੇ ਇਸ ਮੇਲੇ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਕਈ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਗਣਿਤ ਦੇ ਸਿਧਾਂਤਾਂ ਤੇ ਆਧਾਰਤ ਆਕਰਸ਼ਕ ਮਾਡਲ ਤਿਆਰ ਕੀਤੇ ਅਤੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਕੁਇਜ਼ ਮੁਕਾਬਲੇ, ਪੀਪੀਟੀ ਪੇਸ਼ਕਾਰੀਆਂ ਅਤੇ ਵਿਹਾਰਕ ਪ੍ਰਯੋਗ ਵੀ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਭਜਨਾਂ ਅਤੇ ਸੱਭਿਆਚਾਰਕ ਨਾਚਾਂ ਨੇ ਸਮਾਗਮ ਵਿਚ ਹੋਰ ਰੰਗ ਭਰ ਦਿੱਤੇ। ਮੁੱਖ ਬੁਲਾਰੇ ਸ਼੍ਰੀਮਤੀ ਤਮੰਨਾ ਸ਼ਰਮਾ ਨੇ ਆਪਣੇ ਪ੍ਰੇਰਨਾਦਾਇਕ ਵਿਚਾਰਾਂ ਰਾਹੀਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਣਿਤ ਨੂੰ ਰੋਚਕ ਤਰੀਕੇ ਨਾਲ ਸਿੱਖਣ ਅਤੇ ਇਸਨੂੰ ਆਪਣੇ ਰੋਜ਼ਾਨਾ ਜੀਵਨ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਸਫ਼ਲਤਾ ਲਈ ਵਧਾਈ ਦਿੱਤੀ। ਸਮਾਗਮ ਦੇ ਆਖ਼ਰ ਵਿਚ ਵੱਖ-ਵੱਖ ਮੁਕਾਬਲਿਆਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰਨਾਂ ਨੂੰ ਵੀ ਭਵਿੱਖ ਵਿਚ ਮਿਹਨਤ ਕਰਨ ਲਈ ਉਤਸ਼ਾਹਤ ਕੀਤਾ ਗਿਆ। ਅਖ਼ੀਰ ’ਚ ਸਕੂਲ ਦੇ ਪ੍ਰਸ਼ਾਸਕ ਪ੍ਰਦੀਪ ਰਾਣਾ ਨੇ ਸਾਰੇ ਮਹਿਮਾਨਾਂ, ਮੈਂਬਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਹ ਤਿੰਨ ਰੋਜ਼ਾ ਸਮਾਗਮ ਸੁਖਨਾ ਮੰਤਰ ਦੇ ਜਾਪ ਨਾਲ ਸੰਪੰਨ ਹੋਇਆ।