ਨਸ਼ਾ ਛੱਡ ਚੁੱਕੇ ਨੌਜਵਾਨਾਂ ਲਈ ਪੁਨਰਵਾਸ ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰੇਗੀ ਸਰਕਾਰ : ਐਮਪੀ ਕੰਗ ਐਮਪੀ ਕੰਗ ਨੇ ਕਿਹਾ ਕਿ ਸਰਕਾਰ ਨਸ਼ਾ ਛੱਡ ਚੁੱਕੇ ਨੌਜਵਾਨਾਂ ਲਈ ਪੁਨਰਵਾਸ ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰੇਗੀ।
Publish Date: Wed, 02 Sep 2026 07:33 PM (IST)
Updated Date: Thu, 03 Sep 2026 04:02 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਬੰਧੀ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਦੌਰਾਨ ਸਬੰਧਤ ਵਿਭਾਗਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਇਨਫੋਰਸਮੈਂਟ, ਇਲਾਜ, ਪੁਨਰਵਾਸ ਅਤੇ ਭਾਈਚਾਰਕ ਭਾਗੀਦਾਰੀ ਰਾਹੀਂ ਸਾਂਝੀ ਕਾਰਵਾਈ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਾ ਛੱਡ ਚੁੱਕੇ ਨੌਜਵਾਨਾਂ ਲਈ ਪੁਨਰਵਾਸ ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰੇਗੀ। ਉਨ੍ਹਾਂ ਪੇਂਡੂ ਰੱਖਿਆ ਕਮੇਟੀਆਂ (ਵੀਡੀਸੀਜ਼) ਅਤੇ ਵਾਰਡ ਰੱਖਿਆ ਕਮੇਟੀਆਂ (ਡਬਲਿਊ.ਡੀ.ਸੀਜ਼) ਨਾਲ ਜੁੜੇ ਅਧਿਕਾਰੀਆਂ ਨੂੰ ਨਸ਼ਿਆਂ ਦੀ ਸਮੱਸਿਆ ਨੂੰ ਜ਼ਮੀਨੀ ਪੱਧਰ ’ਤੇ ਕਾਬੂ ਪਾਉਣ ਲਈ ਕਮੇਟੀ ਮੈਂਬਰਾਂ ਦੇ ਹਵਾਲਿਆਂ ਤੇ ਇਨਪੁਟਸ ’ਤੇ ਤੁਰੰਤ ਤੇ ਢੁਕਵੀਂ ਕਾਰਵਾਈ ਕਰਨ ਲਈ ਕਿਹਾ। ਸ੍ਰੀ ਕੰਗ ਨੇ ਪੁਲਿਸ ਨੂੰ ਨਸ਼ਾ ਤਸਕਰਾਂ ਤੇ ਪੈਡਲਰਾਂ ਵਿਰੁੱਧ ਇਨਫੋਰਸਮੈਂਟ ਹੋਰ ਤੇਜ਼ ਕਰਨ ਤੇ ਸਿਹਤ ਵਿਭਾਗ ਨੂੰ ਨਸ਼ਾ ਛੁਡਾਊ ਇਲਾਜ ਦੀ ਮੰਗ ਕਰਨ ਵਾਲੇ ਵਿਅਕਤੀਆਂ ਲਈ ਢੁਕਵੀ ਓਪੀਡੀ ਤੇ ਆਈਪੀਡੀ ਇਲਾਜ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਸ਼ਾ ਛੱਡ ਚੁੱਕੇ ਤੇ ਪੁਨਰਵਾਸ ਪ੍ਰਾਪਤ ਕਰ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਲਈ ਢੁਕਵੇਂ ਰਸਤੇ ਤਲਾਸ਼ਣ ਲਈ ਕਿਹਾ, ਤਾਂ ਜੋ ਉਹ ਸਮਾਜ ’ਚ ਮੁੜ ਸ਼ਾਮਲ ਹੋ ਕੇ ਆਪਣਾ ਜੀਵਨ ਬਤੀਤ ਕਰ ਸਕਣ। ਸਰਕਾਰੀ ਨਸ਼ਾ ਮੁਕਤੀ ਕੇਂਦਰ ਸੈਕਟਰ-66 ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਇਹ ਕੇਂਦਰ ਪੂਰੀ ਸਮਰੱਥਾ ਨਾਲ ਚੱਲ ਰਿਹਾ ਹੈ ਤੇ ਨਸ਼ਿਆਂ ਦੀ ਦੁਰਵਰਤੋਂ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਨਸ਼ਾ ਮੁਕਤੀ ਅਤੇ ਪੁਨਰਵਾਸ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਕੰਗ ਨੇ ਡੀਸੀ ਕੋਮਲ ਮਿੱਤਲ ਨੂੰ ਡੇਰਾਬੱਸੀ ਸਬ-ਡਵੀਜ਼ਨ ’ਚ ਨਸ਼ਾ ਮੁਕਤੀ ਇਲਾਜ ਤੇ ਪੁਨਰਵਾਸ ਸਹੂਲਤਾਂ ਦੇ ਵਿਸਥਾਰ ਦੀ ਸੰਭਾਵਨਾ ਤਲਾਸ਼ਣ ਲਈ ਵੀ ਕਿਹਾ, ਤਾਂ ਜੋ ਜ਼ਿਲ੍ਹੇ ਦੇ ਸਾਰੇ ਹਿੱਸਿਆਂ ’ਚ ਇਲਾਜ ਸੇਵਾਵਾਂ ਆਸਾਨੀ ਨਾਲ ਉਪਲਬਧ ਹੋ ਸਕਣ। ===== ਸਰਕਾਰ ਦੀ ਵਚਨਬੱਧਤਾ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ਲਾਘਾ ਕਰਦਿਆਂ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਨੌਜਵਾਨਾਂ ਦੀ ਸੁਰੱਖਿਆ ਲਈ ਸਰਕਾਰ ਦੀ ਵਚਨਬੱਧਤਾ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਨਾਲ ਭਾਈਚਾਰਿਆਂ ’ਚ ਜਾਗਰੂਕਤਾ ਵਧੀ ਹੈ ਅਤੇ ਨਸ਼ਿਆਂ ਦੀ ਦੁਰਵਰਤੋਂ ਤੋਂ ਪ੍ਰਭਾਵਿਤ ਵਿਅਕਤੀ ਇਲਾਜ ਲਈ ਨਸ਼ਾ ਮੁਕਤੀ ਅਤੇ ਓਟਸ ਕੇਂਦਰਾਂ ਤੱਕ ਪਹੁੰਚਣ ਲਈ ਪ੍ਰੇਰਿਤ ਹੋ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਚੱਲ ਰਹੀ ਇਨਫੋਰਸਮੈਂਟ ਮੁਹਿੰਮ ਨੇ ਨਸ਼ਾ ਤਸਕਰਾਂ ’ਚ ਡਰ ਪੈਦਾ ਕੀਤਾ ਹੈ। ਉਂਜ ਉਨ੍ਹਾਂ ਨੇ ਇਨਫੋਰਸਮੈਂਟ ਉਪਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਡੇਰਾਬੱਸੀ ’ਚ ਸਮਰਪਿਤ ਨਸ਼ਾ ਮੁਕਤੀ ਕੇਂਦਰ ਸਥਾਪਤ ਕਰਨ ਦੀ ਵਕਾਲਤ ਕੀਤੀ। ==== ਡੀਸੀ ਨੇ ਦਿੱਤਾ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਡੀਸੀ ਮੁਹਾਲੀ ਕੋਮਲ ਮਿੱਤਲ ਨੇ ਸੰਸਦ ਮੈਂਬਰ ਨੂੰ ਮੁਹਿੰਮ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਾਰੀਆਂ ਸਬ-ਡਿਵੀਜ਼ਨ ਵਿਚ ਐਸਡੀਐਮਜ਼ ਦੀ ਨਿਗਰਾਨੀ ਹੇਠ ਪੇਂਡੂ ਰੱਖਿਆ ਕਮੇਟੀ ਅਤੇ ਵਾਰਡ ਰੱਖਿਆ ਕਮੇਟੀ ਦੇ ਮੈਂਬਰਾਂ ਦੀਆਂ ਨਿਯਮਤ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ।