- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨਿਲ ਸਰੀਨ ਨੇ ਕਿਹਾ ਕਿ ਦਵਿੰਦਰ ਮਹਿਰਾ ਨੂੰ ਸਿਰਫ਼ ਇਸ ਲਈ ਮੁਅੱਤਲ ਕਰ ਦਿੱਤਾ ਗਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਪੋਸਟ ਉੱਤੇ ਟਿੱਪਣੀ ਕੀਤੀ ਸੀ, ਜਦਕਿ ਮੁਲਾਜ਼ਮ ਦਾਅਵਾ ਕਰ ਰਹੇ ਹਨ ਕਿ ਇਹ ਟਿੱਪਣੀ ਮਹਿਰਾ ਨੇ ਨਹੀਂ ਕੀਤੀ ਸਗੋਂ ਏਆਈ ਜਨਰੇਟਿਡ ਹੈ।

ਪੰਜਾਬੀ ਜਾਗਰਣ ਬਿੳੂਰੋ, ਚੰਡੀਗੜ੍ਹ : ਪਟਿਆਲ਼ਾ ਵਿੱਚ ਤੈਨਾਤ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਦਵਿੰਦਰ ਮਹਿਰਾ ਦੀ ਮੁਅੱਤਲੀ ਦੀ ਭਾਰਤੀ ਜਨਤਾ ਪਾਰਟੀ ਨੇ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਇੱਕ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਵਿੰਦਰ ਮਹਿਰਾ ਵਿਰੁੱਧ ਕੀਤੀ ਗਈ ਮੁਅੱਤਲੀ ਦੀ ਕਾਰਵਾਈ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਅਨਿਲ ਸਰੀਨ ਨੇ ਕਿਹਾ ਕਿ ਦਵਿੰਦਰ ਮਹਿਰਾ ਨੂੰ ਸਿਰਫ਼ ਇਸ ਲਈ ਮੁਅੱਤਲ ਕਰ ਦਿੱਤਾ ਗਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਪੋਸਟ ਉੱਤੇ ਟਿੱਪਣੀ ਕੀਤੀ ਸੀ, ਜਦਕਿ ਮੁਲਾਜ਼ਮ ਦਾਅਵਾ ਕਰ ਰਹੇ ਹਨ ਕਿ ਇਹ ਟਿੱਪਣੀ ਮਹਿਰਾ ਨੇ ਨਹੀਂ ਕੀਤੀ ਸਗੋਂ ਏਆਈ ਜਨਰੇਟਿਡ ਹੈ। ਪਰ ਸਰਕਾਰ ਨੇ ਇਸ ਮਾਮਲੇ ਵਿੱਚ ਨਾ ਕੋਈ ਅਪੀਲ ਸੁਣੀ ਨਾ ਦਲੀਲ, ਬਸ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੱਤਾ।
ਅਨਿਲ ਸਰੀਨ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਪੂਰੇ ਮਾਮਲੇ ਦੇ ਤੱਥਾਂ ਅਤੇ ਸਬੰਧਤ ਕਰਮਚਾਰੀ ਦਾ ਪੱਖ ਵੀ ਧਿਆਨ ਨਾਲ ਸੁਣਿਆ ਜਾਣਾ ਚਾਹੀਦਾ ਹੈ। ਜੇਕਰ ਕਿਸੇ ਮੁਲਾਜ਼ਮ ਵੱਲੋਂ ਕੋਈ ਗਲਤੀ ਹੋਈ ਵੀ ਹੈ ਤਾਂ ਉਸ ਦੀ ਜਾਂਚ ਨਿਯਮਾਂ ਅਤੇ ਕਾਨੂੰਨ ਅਨੁਸਾਰ ਹੋਣੀ ਚਾਹੀਦੀ ਹੈ, ਪਰ ਬਿਨਾਂ ਪੂਰੇ ਤੱਥਾਂ ਨੂੰ ਸਾਹਮਣੇ ਲਿਆਂਦੇ ਕਾਰਵਾਈ ਕਰਨਾ ਕਰਮਚਾਰੀਆਂ ਵਿੱਚ ਬੇਭਰੋਸਗੀ ਪੈਦਾ ਕਰਨ ਵਾਲਾ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਦੀ ਪੋਸਟ ਉੱਤੇ ਟਿੱਪਣੀ ਕਰਨਾ ਕੋਈ ਗੁਨਾਹ ਨਹੀਂ ਹੈ। ਮੁਲਾਜ਼ਮ ਮੰਗਾਂ ਨੂੰ ਲੈ ਕੇ ਮੁਲਾਜ਼ਮ ਅਤੇ ਉਨ੍ਹਾਂ ਦੇ ਸਮਰਥਕ ਮੁੱਖ ਮੰਤਰੀ ਖਿਲਾਫ਼ ਸੋਸ਼ਲ ਮੀਡੀਆ ਉੱਤੇ ਵੀ ਮੁਹਿੰਮ ਚਲਾ ਰਹੇ ਹਨ। ਮੁੱਖ ਮੰਤਰੀ ਨੂੰ ਅਨਫੋਲੋ ਕਰ ਰਹੇ ਹਨ, ਸ਼ਾਇਦ ਇਸੇ ਕਾਰਨ ਸਰਕਾਰ ਬੌਦਲੀ ਹੋਈ ਹੈ ਅਤੇ ਬਿਨਾਂ ਸਿਰ ਪੈਰ ਤੋਂ ਮੁਲਾਜ਼ਮਾਂ ਖਿਲਾਫ਼ ਕਾਰਵਾਈਆਂ ਕਰ ਰਹੀ ਹੈ। ਇਸ ਕਾਰਵਾਈ ਪ੍ਰਗਟਾਵੇ ਦੀ ਅਜ਼ਾਦੀ ਦੀ ਘੋਰ ਉਲੰਘਣਾ ਹੈ। ਜਿਸ ਦੀ ਭਾਜਪਾ ਨਿਖੇਧੀ ਕਰਦੀ ਹੈ।