ਸਰਕਾਰ ਨੇ ਪੇਂਡੂ ਵਿਕਾਸ ਨੂੰ ਕੀਤਾ ਨਜ਼ਰਅੰਦਾਜ਼ : ਐੱਨਕੇ ਸ਼ਰਮਾ ਸਰਕਾਰ ਨੇ ਪੇਂਡੂ ਵਿਕਾਸ ਨੂੰ ਕੀਤਾ ਨਜ਼ਰਅੰਦਾਜ਼ : ਐੱਨਕੇ ਸ਼ਰਮਾ,
Publish Date: Sun, 20 Sep 2026 07:44 PM (IST)
Updated Date: Mon, 21 Sep 2026 04:09 AM (IST)
ਸਾਬਕਾ ਵਿਧਾਇਕ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਹਲਕੇ ਦੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਵਿਕਾਸ ਦੇ ਮਾਮਲੇ ’ਚ ਪਿੰਡਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ। ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ, ਪਰ ਫਿਰ ਵੀ ਇਸ ਹਲਕੇ ’ਚ ਬਹੁਤ ਸਾਰੇ ਪਿੰਡ ਹਨ, ਜਿੱਥੇ ਮੌਜੂਦਾ ਵਿਧਾਇਕ ਨੇ ਇਕ ਵਾਰ ਵੀ ਦੌਰਾ ਨਹੀਂ ਕੀਤਾ। ਐੱਨਕੇ ਸ਼ਰਮਾ ਨੇ ਆਪਣੀ ਜਨ-ਸੰਪਰਕ ਮੁਹਿੰਮ ਦੇ ਹਿੱਸੇ ਵਜੋਂ ਡੇਰਾਬੱਸੀ ਹਲਕੇ ਦੇ ਪਰਾਗਪੁਰ, ਇਬਰਾਹਿਮਪੁਰ, ਬਹੋੜਾ, ਬਹੋੜੀ, ਬਰੌਲੀ ਆਦਿ ਪਿੰਡਾਂ ਵਿਚ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਐੱਨਕੇ ਸ਼ਰਮਾ ਨੇ ਕਿਹਾ ਕਿ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਦੌਰਾਨ ਉਪਰੋਕਤ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕੀਤਾ ਗਿਆ ਸੀ। ਹੁਣ ਹਾਲਾਤ ਅਜਿਹੇ ਹਨ ਕਿ ਪਿੰਡਾਂ ਵਿਚ ਸੜਕਾਂ ਦੀ ਹਾਲਤ ਮਾੜੀ ਹੈ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਵੀ ਅਸੰਤੁਲਿਤ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਪਿੰਡਾਂ ਵਿਚ ਲੰਬੇ-ਲੰਬੇ ਬਿਜਲੀ ਕੱਟਾਂ ਨੇ ਪਿੰਡ ਵਾਸੀਆਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਹੈ। ਐੱਨਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਡੇਰਾਬੱਸੀ ਹਲਕੇ ਦੇ ਪਿੰਡਾਂ ਵਿਚ ਬਿਜਲੀ ਸਪਲਾਈ ਲਈ ਟਰਾਂਸਫਾਰਮਰ ਅਤੇ ਗਰਿੱਡ ਸਿਸਟਮ ਮਜ਼ਬੂਤ ਕੀਤੇ ਗਏ ਸਨ। ਇਸ ਤੋਂ ਬਾਅਦ, ਸੱਤਾ ਵਿਚ ਆਈਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਮੌਕੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਜਿੰਦਰ ਸਿੰਘ ਈਸਾਪੁਰ, ਜ਼ਿਲ੍ਹਾ ਯੂਥ ਪ੍ਰਧਾਨ ਤਰਨਬੀਰ ਸਿੰਘ ਪੂਨੀਆ, ਗਿਆਨ ਸਿੰਘ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਅਮੀਰ ਖ਼ਾਨ, ਜਸਵਿੰਦਰ ਸਿੰਘ ਜੱਸੀ, ਅਮਰੀਕ ਸਿੰਘ ਸਮੇਤ ਕਈ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ।