ਬੰਦ ਘਰ ’ਚੋਂ ਸੋਨਾ, ਨਕਦੀ ਤੇ ਮੋਬਾਈਲ ਸਮੇਤ 3 ਲੱਖ ਦੀ ਚੋਰੀ, ਸੀਸੀਟੀਵੀ ’ਚ ਕੈਦ ਹੋਏ ਚੋਰ ਬੰਦ ਘਰ 'ਚੋਂ ਸੋਨਾ, ਨਕਦੀ ਤੇ ਮੋਬਾਈਲ ਸਮੇਤ 3 ਲੱਖ ਦੀ ਚੋਰੀ, ਸੀਸੀਟੀਵੀ 'ਚ ਕੈਦ ਹੋਏ ਚੋਰ
Publish Date: Wed, 09 Sep 2026 07:44 PM (IST)
Updated Date: Wed, 09 Sep 2026 07:46 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨੇੜਲੇ ਪਿੰਡ ਤ੍ਰਿਵੇਦੀ ਕੈਂਪ ਵਿਖੇ ਇਕ ਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰੀ ਵਾਰਦਾਤ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ’ਚ ਦੋ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਪੀੜਤ ਮਕਾਨ ਮਾਲਕ ਔਰਤ ਪੂਨਮ ਵਾਸੀ ਪਿੰਡ ਤ੍ਰਿਵੇਦੀ ਕੈਂਪ ਡੇਰਾਬੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਹੋਈ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਉਹ ਵਾਪਸ ਪਰਤੀ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਜਾਂਚ ਕਰਨ ਤੇ ਪਤਾ ਲੱਗਿਆ ਕਿ ਚੋਰ ਘਰ ਚੋਂ ਸੋਨੇ ਦੇ ਗਹਿਣੇ, ਨਕਦੀ ਅਤੇ ਮੋਬਾਈਲ ਫੋਨ ਸਮੇਤ ਕੁੱਲ ਕਰੀਬ 3 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਚੁੱਕੇ ਸਨ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ। ਸੀਸੀਟੀਵੀ ਫੁਟੇਜ ਵਿਚ ਦੋ ਅਣਪਛਾਤੇ ਨੌਜਵਾਨ ਸ਼ੱਕੀ ਹਾਲਤ ’ਚ ਘਰ ਦੇ ਆਸ-ਪਾਸ ਘੁੰਮਦੇ ਅਤੇ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।