- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਮਾਡਾ ਦੀਆਂ ਦਹਾਕਿਆਂ ਤੋਂ ਅਣਵਰਤੀਆਂ ਜ਼ਮੀਨਾਂ ਮੁਹਾਲੀ ਦੀ ਸੁੰਦਰਤਾ ’ਤੇ ਗ੍ਰਹਿਣ

-ਕੌਂਸਲਰ ਕੁਲਦੀਪ ਕੌਰ ਧਨੋਆ ਅਤੇ ਸਮਾਜ ਸੇਵੀ ਸਤਵੀਰ ਸਿੰਘ ਧਨੋਆ ਨੇ ਚੁੱਕਿਆ ਮੁੱਦਾ
-ਗਮਾਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਕੀਤੀ ਮੰਗ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਦੇ ਸਭ ਤੋਂ ਯੋਜਨਾਬੱਧ ਅਤੇ ਆਧੁਨਿਕ ਸ਼ਹਿਰ ਵਜੋਂ ਜਾਣੇ ਜਾਂਦੇ ਮੁਹਾਲੀ ਦੀ ਖ਼ੂਬਸੂਰਤੀ ਅਤੇ ਸਾਫ਼-ਸਫ਼ਾਈ ’ਤੇ ਗਮਾਡਾ ਦੀਆਂ ਦਹਾਕਿਆਂ ਤੋਂ ਖਾਲੀ ਪਈਆਂ ਜ਼ਮੀਨਾਂ ਇਕ ਵੱਡਾ ਧੱਬਾ ਬਣਦੀਆਂ ਜਾ ਰਹੀਆਂ ਹਨ। ਇਨ੍ਹਾਂ ਅਣਵਰਤੀਆਂ ਜ਼ਮੀਨਾਂ ਦੀ ਬਦਹਾਲੀ ਨੂੰ ਲੈ ਕੇ ਮੁਹਾਲੀ ਦੇ ਵਾਰਡ ਨੰ. 13 ਦੀ ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਅਤੇ ਸਮਾਜ ਸੇਵੀ ਸਤਵੀਰ ਸਿੰਘ ਧਨੋਆ ਨੇ ਗਮਾਡਾ ਦੀ ਕਾਰਜਪ੍ਰਣਾਲੀ ’ਤੇ ਤਿੱਖੇ ਸਵਾਲ ਚੁੱਕਦਿਆਂ ਅਥਾਰਟੀ ਦੀ ਜਵਾਬਦੇਹੀ ਤੈਅ ਕਰਨ ਦੀ ਗੁਹਾਰ ਲਗਾਈ ਹੈ।
ਕੁਲਦੀਪ ਕੌਰ ਧਨੋਆ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਗਮਾਡਾ ਵੱਲੋਂ ਐਕਵਾਇਰ ਕੀਤੀਆਂ ਗਈਆਂ ਵੱਡੀਆਂ ਜ਼ਮੀਨਾਂ ਬਿਨਾਂ ਕਿਸੇ ਸੰਭਾਲ ਦੇ ਖਾਲੀ ਪਈਆਂ ਹਨ, ਜੋ ਅੱਜ ਕੂੜੇ-ਕਰਕਟ ਦੇ ਢੇਰਾਂ ਅਤੇ ਜੰਗਲੀ ਝਾੜੀਆਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਇਨ੍ਹਾਂ ਥਾਵਾਂ ’ਤੇ ਫੈਲ ਰਹੀ ਗੰਦਗੀ ਜਿੱਥੇ ਸ਼ਹਿਰ ਵਾਸੀਆਂ ਦੀ ਸਿਹਤ ਲਈ ਖ਼ਤਰਾ ਬਣੀ ਹੋਈ ਹੈ, ਉੱਥੇ ਹੀ ਇਹ ਸੁੰਨਸਾਨ ਪਈਆਂ ਜ਼ਮੀਨਾਂ ਗੈਰ-ਸਮਾਜਿਕ ਅਨਸਰਾਂ ਅਤੇ ਨਸ਼ੇੜੀਆਂ ਲਈ ਸੁਰੱਖਿਅਤ ਪਨਾਹਗਾਹ ਬਣ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਗਮਾਡਾ ਕਿਸੇ ਆਮ ਨਾਗਰਿਕ ਨੂੰ ਪਲਾਟ ਅਲਾਟ ਕਰਦਾ ਹੈ ਤਾਂ ਉਸ ਨੂੰ ਉਸਾਰੀ ਲਈ ਤਿੰਨ ਸਾਲ ਦੀ ਸਖ਼ਤ ਸਮਾਂ-ਸੀਮਾ ਦਿੱਤੀ ਜਾਂਦੀ ਹੈ ਅਤੇ ਦੇਰੀ ਹੋਣ ’ਤੇ ਭਾਰੀ ਜੁਰਮਾਨੇ ਵਸੂਲੇ ਜਾਂਦੇ ਹਨ, ਤਾਂ ਫਿਰ ਗਮਾਡਾ ਖ਼ੁਦ ਆਪਣੀ ਐਕਵਾਇਰ ਕੀਤੀ ਜ਼ਮੀਨ ਨੂੰ ਦਹਾਕਿਆਂ ਤੱਕ ਬੇਆਬਾਦ ਕਿਉਂ ਛੱਡ ਰਿਹਾ ਹੈ?
ਸਤਵੀਰ ਸਿੰਘ ਧਨੋਆ ਨੇ ਗਮਾਡਾ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅਥਾਰਟੀ ਦੀ ਕਾਰਪੋਰੇਟ-ਪੱਖੀ ਸੋਚ ਨੇ ਕਦੇ ਵੀ ਆਮ ਸ਼ਹਿਰੀਆਂ ਦੀਆਂ ਬੁਨਿਆਦੀ ਮੁਸ਼ਕਲਾਂ ਵੱਲ ਹਾਂ-ਪੱਖੀ ਰਵੱਈਆ ਨਹੀਂ ਅਪਣਾਇਆ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਸਾਉਣ ਸਮੇਂ ਗਰੀਨ ਬੈਲਟਾਂ, ਨੀਡ-ਬੇਸਡ ਪਾਲਿਸੀ, ਪੰਜਾਬੀ ਭਵਨ, ਓਪਨ ਏਅਰ ਥੀਏਟਰ ਅਤੇ ਸੁਚਾਰੂ ਪਾਰਕਿੰਗ ਪ੍ਰਬੰਧਾਂ ਵਰਗੇ ਜੋ ਅਹਿਮ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ਨੂੰ ਗਮਾਡਾ ਵੱਲੋਂ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ।
ਧਨੋਆ ਜੋੜੀ ਨੇ ਸ਼ਹਿਰ ਵਾਸੀਆਂ ਦੀ ਤਰਫ਼ੋਂ ਮੰਗ ਰੱਖੀ ਕਿ ਗਮਾਡਾ ਵੱਲੋਂ ਐਕਵਾਇਰ ਕੀਤੀ ਹਰ ਜ਼ਮੀਨ ਦੇ ਵਿਕਾਸ ਅਤੇ ਲੋਕ-ਹਿੱਤ ਵਿਚ ਵਰਤੋਂ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਜਾਵੇ। ਜੇਕਰ ਕਿਸੇ ਤਕਨੀਕੀ ਕਾਰਨ ਕਰਕੇ ਉਸਾਰੀ ਸੰਭਵ ਨਹੀਂ ਹੈ, ਤਾਂ ਉਸ ਜ਼ਮੀਨ ਦੀ ਚਾਰਦੀਵਾਰੀ, ਨਿਯਮਤ ਸਫ਼ਾਈ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਹਾਲੀ ਦਾ ਅਸਲ ਵਿਕਾਸ ਨਵੀਆਂ ਜ਼ਮੀਨਾਂ ਐਕਵਾਇਰ ਕਰਨ ਨਾਲ ਨਹੀਂ, ਸਗੋਂ ਪਹਿਲਾਂ ਤੋਂ ਮੌਜੂਦ ਜ਼ਮੀਨਾਂ ਦੀ ਸੁਚੱਜੀ ਅਤੇ ਸਮੇਂ-ਸਿਰ ਵਰਤੋਂ ਨਾਲ ਹੀ ਸੰਭਵ ਹੋਵੇਗਾ।