ਗਮਾਡਾ ਵੱਲੋਂ 62 ਏਕੜ ’ਚ ਫੈਲੀ ਗੁਰੂ ਨਾਨਕ ਕਾਲੋਨੀ ਦੇ ਪਲਾਟਾਂ ਦੀਆਂ ਰਜਿਸਟਰੀਆਂ ’ਤੇ ਰੋਕ ਗਮਾਡਾ ਵੱਲੋਂ ਗੁਰੂ ਨਾਨਕ ਕਾਲੋਨੀ ਦੇ ਪਲਾਟਾਂ ਦੀਆਂ ਰਜਿਸਟਰੀਆਂ ’ਤੇ ਰੋਕ,
Publish Date: Thu, 10 Sep 2026 08:33 PM (IST)
Updated Date: Thu, 10 Sep 2026 08:34 PM (IST)
ਸੜਕਾਂ, ਪਾਰਕਾਂ ਤੇ ਐੱਸਟੀਪੀ ਲਈ ਰਾਖਵੀਂ ਜ਼ਮੀਨ ਵੇਚਣ ਦੀ ਕੋਸ਼ਿਸ਼ ਦੇ ਦੋਸ਼ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਲਾਲੜੂ ਨੇੜੇ ਸਿਤਾਰਪੁਰ ਵਿਖੇ 62 ਏਕੜ ਰਕਬੇ ਵਿਚ ਫੈਲੀ ਗੁਰੂ ਨਾਨਕ ਕਾਲੋਨੀ ਦੀਆਂ ਰਜਿਸਟਰੀਆਂ ’ਤੇ ਗਮਾਡਾ ਦੀ ਰੈਗੂਲੇਟਰੀ ਸ਼ਾਖਾ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਹ ਕਾਰਵਾਈ ਕਾਲੋਨੀ ਵੈੱਲਫੇਅਰ ਐਸੋਸੀਏਸ਼ਨ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਦੱਸੀ ਜਾ ਰਹੀ ਹੈ। ਐਸੋਸੀਏਸ਼ਨ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਕਾਲੋਨੀ ਵਿਚ ਸੜਕਾਂ, ਪਾਰਕਾਂ, ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਤੇ ਹੋਰ ਸਾਂਝੀਆਂ ਸਹੂਲਤਾਂ ਲਈ ਨਿਰਧਾਰਤ ਜ਼ਮੀਨ ਨੂੰ ਕੁਝ ਜ਼ਮੀਨ ਮਾਲਕਾਂ ਵੱਲੋਂ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਾਲੋਨੀ ਵਿਚ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟਾਂ ਨੂੰ ਮਿਲਾ ਕੇ ਕਰੀਬ 500 ਪਲਾਟ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਪਹਿਲਾਂ ਹੀ ਵਿਕ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਰਜਿਸਟਰੀਆਂ ਵੀ ਹੋ ਚੁੱਕੀਆਂ ਹਨ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕਾਲੋਨੀ ਦੀਆਂ ਸਾਂਝੀਆਂ ਸਹੂਲਤਾਂ ਲਈ ਛੱਡੀ ਗਈ ਕਰੀਬ 14 ਬੀਘਾ ਜ਼ਮੀਨ ਅਜੇ ਵੀ ਸਬੰਧਤ ਜ਼ਮੀਨ ਮਾਲਕਾਂ ਦੇ ਨਾਮ ਦਰਜ ਹੈ। ਦੱਸਿਆ ਗਿਆ ਹੈ ਕਿ ਗਮਾਡਾ ਦੇ ਜ਼ਿਲ੍ਹਾ ਟਾਊਨ ਪਲਾਨਰ ਵੱਲੋਂ ਇਕ ਸਤੰਬਰ 2026 ਨੂੰ ਪੱਤਰ ਜਾਰੀ ਕਰਕੇ ਕਾਲੋਨੀ ਵਿਚ ਰਜਿਸਟਰੀਆਂ ’ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੱਤਰ ਵਿਚ ਕਿਹਾ ਗਿਆ ਕਿ ਕਾਲੋਨੀ ਦੀ ਰੈਗੂਲਰਾਈਜ਼ੇਸ਼ਨ ਦਾ ਮਾਮਲਾ ਵਿਭਾਗ ਕੋਲ ਵਿਚਾਰ ਅਧੀਨ ਹੈ। ਕਾਲੋਨੀ ਵਾਸੀਆਂ ਨੇ ਦੋਸ਼ ਲਾਇਆ ਕਿ 18 ਅਗਸਤ 2026 ਨੂੰ ਦਿੱਤੀ ਗਈ ਅਰਜ਼ੀ ਰਾਹੀਂ ਜਾਣਕਾਰੀ ਮਿਲੀ ਹੈ ਕਿ ਕਾਲੋਨੀ ਵਿਚ ਆਉਣ ਵਾਲੀਆਂ ਸੜਕਾਂ, ਸੀਵਰੇਜ ਟਰੀਟਮੈਂਟ ਪਲਾਂਟ, ਪਾਰਕ ਅਤੇ ਹੋਰ ਸੁਵਿਧਾਵਾਂ ਦੇ ਲਈ ਨਿਰਧਾਰਤ ਖੇਤਰ ਦੀ ਜ਼ਮੀਨ ਵੇਚੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਸਤ ’ਚ 11 ਤੇ 7 ਬੀਘਾ ਜ਼ਮੀਨ ਵੇਚਣ ਦੀ ਕੋਸ਼ਿਸ਼ ਦਾ ਦੋਸ਼ ਕਾਲੋਨੀ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੁਮਾਰ ਅਨੁਸਾਰ ਅਗਸਤ ਮਹੀਨੇ ਵਿਚ ਪਹਿਲਾਂ 11 ਬੀਘਾ ਅਤੇ ਬਾਅਦ ਵਿਚ 7 ਬੀਘਾ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਮਾਮਲਾ ਸਾਹਮਣੇ ਆਉਣ ’ਤੇ ਦੋਵੇਂ ਰਜਿਸਟਰੀਆਂ ਰੋਕ ਦਿੱਤੀਆਂ ਗਈਆਂ। ਐਸੋਸੀਏਸ਼ਨ ਵੱਲੋਂ ਇਸ ਸਬੰਧੀ ਮਾਲ ਵਿਭਾਗ, ਗਮਾਡਾ ਅਤੇ ਸਥਾਨਕ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ। ਤਹਿਸੀਲਦਾਰ ਵੱਲੋਂ 2 ਰਜਿਸਟਰੀਆਂ ਪਹਿਲਾਂ ਹੀ ਰੋਕਣ ਦੀ ਪੁਸ਼ਟੀ ਤਹਿਸੀਲਦਾਰ ਬੀਰਕਰਨ ਨੇ ਦੱਸਿਆ ਕਿ ਰਜਿਸਟਰੀਆਂ ਦੇ ਮਾਮਲੇ ਵਿਚ ਉਨ੍ਹਾਂ ਦੇ ਧਿਆਨ ਵਿਚ ਆਉਣ ਤੋਂ ਪਹਿਲਾਂ ਹੀ 2 ਰਜਿਸਟਰੀਆਂ ਰੋਕ ਦਿੱਤੀਆਂ ਗਈਆਂ ਸਨ। ਹੁਣ ਗਮਾਡਾ ਦੀਆਂ ਹਦਾਇਤਾਂ ਅਨੁਸਾਰ ਇਸ ਜ਼ਮੀਨ ਦੀਆਂ ਰਜਿਸਟਰੀਆਂ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।