- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਉਦਯੋਗਿਕ ਖੇਤਰ ਨੂੰ ਵੱਡਾ ਹੁਲਾਰਾ ਦਿੰਦਿਆਂ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਮਨ ਅਰੋੜਾ ਨੇ ਅੱਜ ਜਾਪਾਨ ਦੀ ਪ੍ਰਮੁੱਖ ਪੈਕੇਜਿੰਗ ਕੰਪਨੀ 'ਟੌਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ' (ਟੀਐੱਸਐੱਫ਼) ਵੱਲੋਂ ਸੂਬੇ ’ਚ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਵਿਸਥਾਰ ਦਾ ਐਲਾਨ ਕੀਤਾ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਦੇ ਉਦਯੋਗਿਕ ਖੇਤਰ ਨੂੰ ਵੱਡਾ ਹੁਲਾਰਾ ਦਿੰਦਿਆਂ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਮਨ ਅਰੋੜਾ ਨੇ ਅੱਜ ਜਾਪਾਨ ਦੀ ਪ੍ਰਮੁੱਖ ਪੈਕੇਜਿੰਗ ਕੰਪਨੀ 'ਟੌਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ' (ਟੀਐੱਸਐੱਫ਼) ਵੱਲੋਂ ਸੂਬੇ ’ਚ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਵਿਸਥਾਰ ਦਾ ਐਲਾਨ ਕੀਤਾ। ਜਾਪਾਨ ਦੀ 'ਟੌਪਨ ਹੋਲਡਿੰਗਜ਼ ਇੰਕ' ਦੀ ਇਹ ਸਹਾਇਕ ਕੰਪਨੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰੈਲਮਾਜਰਾ ਸਥਿਤ ਆਪਣੇ ਪਲਾਂਟ ਦੇ ਵਿਸਥਾਰ ਲਈ 244 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕਰ ਰਹੀ ਹੈ।
ਪੰਜਾਬ ਭਵਨ ਵਿਖੇ ਟੌਪਨ ਸਪੈਸ਼ਲਿਟੀ ਫਿਲਮਜ਼ ਦੇ ਸੀਐੱਫਓ ਅਤੇ ਪੂਰਨ-ਕਾਲੀ ਡਾਇਰੈਕਟਰ ਅਮਿਤ ਜੈਨ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ’ਚ ਆ ਰਹੇ ਨਿਵੇਸ਼ ਦੀ ਤੇਜ਼ ਰਫ਼ਤਾਰ ਦਾ ਹਿੱਸਾ ਹੈ। ਮਾਰਚ 2022 ਤੋਂ ਹੁਣ ਤੱਕ ਸੂਬੇ ਨੂੰ 10,673 ਕਾਮਨ ਐਪਲੀਕੇਸ਼ਨ ਫਾਰਮਾਂ ਰਾਹੀਂ ਲਗਭਗ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਨਾਲ 6.63 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਕੱਲੇ ਅਪ੍ਰੈਲ ਤੋਂ ਅਕਤੂਬਰ 2026 ਦਰਮਿਆਨ 1,846 ਫਾਰਮਾਂ ਰਾਹੀਂ 35,966 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ।
ਇਸ ਮੌਕੇ ਪ੍ਰਬੰਧਕੀ ਸਕੱਤਰ ਉਦਯੋਗ ਡਾ. ਬਸੰਤ ਗਰਗ, ਡਾਇਰੈਕਟਰ ਜਸਪ੍ਰੀਤ ਸਿੰਘ ਅਤੇ ਇਨਵੈਸਟ ਪੰਜਾਬ ਦੀ ਵਧੀਕ ਸੀਈਓ ਸ੍ਰੀਮਤੀ ਸੇਨੂੰ ਦੁੱਗਲ ਵੀ ਹਾਜ਼ਰ ਸਨ।
ਉਦਯੋਗ ਮੰਤਰੀ ਨੇ ਦੱਸਿਆ ਕਿ ਰੈਲਮਾਜਰਾ ਪਲਾਂਟ ਦੇ ਇਸ ਵਿਸਥਾਰ ਤਹਿਤ ਨਵੀਂ ਥਰਮਲ ਲੈਮੀਨੇਸ਼ਨ ਲਾਈਨ, ਕੋਟਿੰਗ ਲਾਈਨ ਅਤੇ ਦੋ ਨਵੇਂ ਮੈਟਲਾਈਜ਼ਰ ਲਗਾਏ ਜਾਣਗੇ। ਇਸ ਨਾਲ ਪਲਾਂਟ ਦੀ ਉਤਪਾਦਨ ਸਮਰੱਥਾ 19,700 ਟਨ ਸਾਲਾਨਾ ਵੱਧ ਜਾਵੇਗੀ ਅਤੇ 22 ਔਰਤਾਂ ਸਮੇਤ 127 ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ।
ਵਾਤਾਵਰਨ ਪੱਖੀ ਉਦਯੋਗਿਕ ਵਿਕਾਸ 'ਤੇ ਜ਼ੋਰ ਦਿੰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਕੰਪਨੀ ਵੱਲੋਂ ਦੋ ਬਾਇਓਮਾਸ ਆਧਾਰਤ ਹੀਟਰ ਲਗਾਏ ਜਾਣਗੇ। ਇਨ੍ਹਾਂ ’ਚ ਫਰਨੇਸ ਆਇਲ ਦੀ ਥਾਂ ਹਰ ਮਹੀਨੇ ਲਗਭਗ 900 ਟਨ ਝੋਨੇ ਦੀ ਪਰਾਲੀ ਬਾਲਣ ਵਜੋਂ ਵਰਤੀ ਜਾਵੇਗੀ ਅਤੇ ਇਸ ਤੋਂ ਨਿਕਲਣ ਵਾਲੀ ਸੁਆਹ ਸਥਾਨਕ ਕਿਸਾਨਾਂ ਨੂੰ ਖਾਦ ਵਜੋਂ ਦਿੱਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਦਸੰਬਰ 2025 ਦੇ ਜਾਪਾਨ ਦੌਰੇ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਉੱਥੇ ਟੌਪਨ ਦੀ ਸੀਨੀਅਰ ਲੀਡਰਸ਼ਿਪ ਨਾਲ ਹੋਈ ਮੁਲਾਕਾਤ ਦੌਰਾਨ ਕੰਪਨੀ ਨੇ ਪੰਜਾਬ ਵਿੱਚ ਵਿਸਥਾਰ ਦਾ ਵਾਅਦਾ ਕੀਤਾ ਸੀ, ਜੋ ਅੱਜ ਪੂਰਾ ਹੋ ਰਿਹਾ ਹੈ। ਆਲਮੀ ਨਿਵੇਸ਼ਕਾਂ ਨੂੰ 'ਇਨਵੈਸਟ ਇਨ ਦ ਬੈਸਟ' ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ 'ਉਦਯੋਗਿਕ ਤੇ ਵਪਾਰ ਵਿਕਾਸ ਨੀਤੀ 2026' ਅਤੇ ਇਨਵੈਸਟ ਪੰਜਾਬ ਦੇ ਸਿੰਗਲ-ਵਿੰਡੋ ਸਿਸਟਮ ਤਹਿਤ 20 ਵਿਭਾਗਾਂ ਦੀਆਂ 300 ਤੋਂ ਵੱਧ ਪ੍ਰਵਾਨਗੀਆਂ ਆਨਲਾਈਨ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਅਮਿਤ ਜੈਨ ਨੇ ਪੰਜਾਬ ਸਰਕਾਰ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਕੰਪਨੀ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਵੀ ਯਤਨਸ਼ੀਲ ਹੈ। ਮਈ 2026 ਵਿੱਚ ਰੋਪੜ ਪੌਲੀਟੈਕਨਿਕ ਵਿਖੇ ਆਈ.ਆਈ.ਟੀ. ਰੋਪੜ ਅਤੇ ਸਿਪੇਟ (CIPET) ਬੱਦੀ ਦੇ ਸਹਿਯੋਗ ਨਾਲ ਸਕਿੱਲ ਡਿਵੈਲਪਮੈਂਟ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਪਹਿਲੇ ਬੈਚ ਦੀ ਲਗਭਗ 100 ਫੀਸਦੀ ਪਲੇਸਮੈਂਟ ਹੋ ਚੁੱਕੀ ਹੈ। ਇਸ ਤੋਂ ਇਲਾਵਾ 'ਹੁਨਰ ਪੰਜਾਬ ਪੋਰਟਲ' ਨੂੰ ਮਜ਼ਬੂਤ ਕਰਨ ਲਈ ਇਨਵੈਸਟ ਪੰਜਾਬ ਨਾਲ ਇੱਕ ਸਮਝੌਤਾ ਵੀ ਸਹੀਬੱਧ ਕੀਤਾ ਗਿਆ ਹੈ, ਜੋ ਸੂਬੇ ਦੀਆਂ 1,750 ਵਿਦਿਅਕ ਸੰਸਥਾਵਾਂ ਨੂੰ ਉਦਯੋਗਾਂ ਨਾਲ ਜੋੜਦਾ ਹੈ।
ਫੋਟੋ ਕੈਪਸਨ: ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ। 29ਪੀ