ਅਪ੍ਰੇਸ਼ਨ ਕਾਸੋ ਤਹਿਤ ਹੈਰੋਇਨ ਸਮੇਤ ਲੜਕੀ ਤੇ ਲੜਕਾ ਕਾਬੂ ਅਪ੍ਰੇਸ਼ਨ ਕਾਸੋ ਤਹਿਤ ਹੈਰੋਇਨ ਸਮੇਤ ਲੜਕੀ ਤੇ ਲੜਕਾ ਕਾਬੂ,
Publish Date: Sat, 10 Oct 2026 08:21 PM (IST)
Updated Date: Sat, 10 Oct 2026 08:23 PM (IST)
- 8 ਵਿਅਕਤੀਆਂ ਦਾ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਮਾਮਲਾ ਦਰਜ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਹਰ ਸ਼ਨਿਚਰਵਾਰ ਨਸ਼ੇ ’ਤੇ ਪ੍ਰਹਾਰ ਦੇ ਤਹਿਤ ਖਰੜ ਪੁਲਿਸ ਵੱਲੋਂ ਡੀਐੱਸਪੀ ਖਰੜ ਇਸ਼ਾਨ ਸਿੰਗਲਾ ਦੀ ਅਗਵਾਈ ਵਿਚ ਨਸ਼ੇ ਦੇ ਹੌਟ ਸਪੋਟ ਲਈ ਜਾਣੇ ਜਾਂਦੇ ਬੰਗਾਲਾ ਬਸਤੀ ਮੁੰਡੀ ਖਰੜ ਵਿਖੇ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਵਿਚ ਇਕ ਲੜਕੀ ਤੇ ਲੜਕੇ ਤੋਂ 74 ਗ੍ਰਾਮ ਹੈਰੋਇਨ ਅਤੇ 8 ਵਿਅਕਤੀਆਂ ਦਾ ਡੌਪ ਟੈਸਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਡੀਐੱਸਪੀ ਖਰੜ ਇਸ਼ਾਨ ਸਿੰਗਲਾ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਸਰਕਾਰ ਦੀਆਂ ਹਦਾਇਤਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਬੰਗਾਲਾ ਬਸਤੀ ਵਿਚ ਨਸ਼ਾ ਕਰਨ ਤੇ ਵੇਚਣ ਵਾਲਿਆਂ ’ਤੇ ਸ਼ਿਕੰਜਾ ਕਸਦਿਆਂ ਛਾਪਾ ਮਾਰਿਆ ਗਿਆ। ਉਨਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਰੋਹਿਤ ਕੁਮਾਰ ਅਤੇ ਨਿਸ਼ਾ ਰਾਣੀ ਨੂੰ ਕਾਬੂ ਕਰ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ, ਜੋ ਵਜ਼ਨ ਕਰਨ ’ਤੇ 74 ਗ੍ਰਾਮ ਹੈਰੋਇਨ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਨਸ਼ੇ ਦੀ ਹਾਲਤ ਵਿਚ ਘੁੰਮ ਰਹੇ ਯੋਗੇਸ਼ ਸਾਗਵਾਨ ,ਹਰਦੀਪ ਫੋਗਟ ,ਅਜੈ ਸਿੰਘ, ਅਰਸ਼ਦੀਪ ਸਿੰਘ ,ਬਿੱਟੂ ਸਿੰਘ ,ਸੁਖਵੀਰ ਸਿੰਘ ਤੇ ਜਸ਼ਨਦੀਪ ਸਿੰਘ ਨੂੰ ਕਾਬੂ ਕਰ ਜਦੋਂ ਇਨ੍ਹਾਂ ਦਾ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਚ ਡੋਪ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਪਾਇਆ ਗਿਆ ਹੈ। ਪੁਲਿਸ ਵੱਲੋਂ ਹੈਰੋਇਨ ਸਮੇਤ ਕਾਬੂ ਕੀਤੇ ਰੋਹਿਤ ਕੁਮਾਰ ਤੇ ਨਿਸ਼ਾ ਰਾਣੀ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀ ਧਾਰਾ 21-61-85 ਅਧੀਨ ਮਾਮਲਾ ਦਰਜ ਕੀਤਾ ਹੈ, ਜਦੋਂ ਕਿ ਨਸ਼ਾ ਕਰਕੇ ਘੁੰਮ ਰਹੇ ਅੱਠ ਵਿਅਕਤੀਆਂ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀ ਧਾਰਾ 27-61-85 ਅਧੀਨ ਮਾਮਲਾ ਦਰਜ ਕਰ ਆਰੰਭ ਕਰ ਦਿੱਤੀ ਹੈ। ਡੀਐੱਸਪੀ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤੇ ਚੈਕਿੰਗਾਂ ਦਾ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਅੱਜ ਚੈਕਿੰਗ ਦੌਰਾਨ ਕੁਝ ਵਿਅਕਤੀਆਂ ਨੇ ਸ਼ਰੇਆਮ ਪੁਲਿਸ ਨੂੰ ਦੱਸਿਆ ਕਿ ਇਹ ਇਹ ਵਿਅਕਤੀ ਉਨ੍ਹਾਂ ਦੇ ਮੁਹੱਲੇ ਵਿਚ ਨਸ਼ਾ ਕਰਦੇ ਹਨ ਤੇ ਇਹ ਵਿਅਕਤੀ ਨਸ਼ਾ ਵੇਚਦੇ ਹਨ, ਜੋ ਕਿ ਪੁਲਿਸ ਲਈ ਤੇ ਸਮਾਜ ਲਈ ਇਕ ਬਹੁਤ ਵਧੀਆ ਗੱਲ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਦਲਦਲ ਵਿਚੋਂ ਨੌਜਵਾਨਾਂ ਨੂੰ ਕੱਢਣ ਲਈ ਉਨ੍ਹਾਂ ਦਾ ਸਹਿਯੋਗ ਕਰਨ ਤੇ ਉਨ੍ਹਾਂ ਨੂੰ ਨਸ਼ਾ ਕਰਨ ਵਾਲੇ ਤੇ ਨਸ਼ਾ ਵੇਚਣ ਵਾਲਿਆਂ ਬਾਰੇ ਸੂਚਨਾ ਦੇਣ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਪੁਲਿਸ ਥਾਣਾ ਸਦਰ ਦੇ ਇੰਚਾਰਜ ਸੁਨੀਲ ਕੁਮਾਰ, ਥਾਣਾ ਪੁਲਿਸ ਸਿਟੀ ਦੇ ਇੰਚਾਰਜ ਅਮਰਿੰਦਰ ਸਿੰਘ ਸਿੱਧੂ ਅਤੇ ਸਨੀ ਇਨਕਲੇਵ ਪੁਲਿਸ ਚੌਕੀ ਦੇ ਇੰਚਾਰਜ ਚਰਨ ਸਿੰਘ ਰਾਮੇਵਾਲ ਤੇ ਹੋਰ ਪੁਲਿਸ ਪਾਰਟੀ ਮੌਜੂਦ ਸੀ।