ਮੁਹਾਲੀ ਦੇ ਫੇਜ਼-9 ਦੇ ਵਸਨੀਕਾਂ ਨੂੰ ਮਿਲੇਗੀ ਮੁਫ਼ਤ ਐਂਬੂਲੈਂਸ ਸੇਵਾ ਫੇਜ਼-9 ਦੇ ਵਸਨੀਕਾਂ ਨੂੰ ਮਿਲੇਗੀ ਮੁਫ਼ਤ ਐਂਬੂਲੈਂਸ ਸੇਵਾ, ਸਰਕਾਰੀ ਦਰਾਂ ’ਤੇ ਹੋਵੇਗਾ ਇਲਾਜ
Publish Date: Mon, 16 Nov 2026 08:21 PM (IST)
Updated Date: Tue, 17 Nov 2026 04:04 AM (IST)
ਸਰਕਾਰੀ ਦਰਾਂ ’ਤੇ ਹੋਵੇਗਾ ਇਲਾਜ, ਕੌਂਸਲਰ ਕਮਲਪ੍ਰੀਤ ਬੰਨੀ ਦੀ ਪਹਿਲਕਦਮੀ ਸਦਕਾ ਸ਼ੈਲਬੀ ਹਸਪਤਾਲ ਨਾਲ ਕੀਤਾ ਸਮਝੌਤਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸਥਾਨਕ ਫੇਜ਼-9 ਵਾਸੀਆਂ ਨੂੰ ਐਮਰਜੈਂਸੀ ਹਾਲਾਤਾਂ ’ਚ ਤੁਰੰਤ ਅਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁਹਾਲੀ ਦੇ ਵਾਰਡ ਨੰ. 14 ਦੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਦੀ ਪਹਿਲਕਦਮੀ ਸਦਕਾ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਬੰਨੀ ਦੀ ਅਗਵਾਈ ਹੇਠ ਸੂਰਜ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਫੇਜ਼-9 ਵੱਲੋਂ ਸ਼ੈਲਬੀ ਹਸਪਤਾਲ ਨਾਲ ਇਕ ਅਹਿਮ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਗਿਆ ਹੈ। ਜਿਸ ਤਹਿਤ ਇਲਾਕਾ ਵਾਸੀਆਂ ਨੂੰ ਐਮਰਜੈਂਸੀ ਹਾਲਾਤਾਂ ’ਚ ਹਸਪਤਾਲ ਵੱਲੋਂ ਬਿਲਕੁਲ ਮੁਫ਼ਤ ਐਂਬੂਲੈਂਸ ਸੇਵਾ ਦਿੱਤੀ ਜਾਵੇਗੀ ਤੇ ਇਲਾਜ ਦਾ ਖ਼ਰਚਾ ਵੀ ਕੇਂਦਰ ਸਰਕਾਰ ਵੱਲੋਂ ਨਿਰਧਾਰਤ (ਸੀਜੀਐਚਐਸ) ਦਰਾਂ ਮੁਤਾਬਕ ਹੀ ਵਸੂਲਿਆ ਜਾਵੇਗਾ। ਇਸ ਮੌਕੇ ਸ਼ੈਲਬੀ ਹਸਪਤਾਲ ਦੇ ਸੀਈਓ ਲਲਿਤ ਕੁਮਾਰ, ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਅਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸਮਝੌਤੇ ਦੀਆਂ ਕਾਪੀਆਂ ਦਾ ਆਦਾਨ-ਪ੍ਰਦਾਨ ਕੀਤਾ। ਹਸਪਤਾਲ ਦੇ ਸੀਈਓ ਲਲਿਤ ਕੁਮਾਰ ਨੇ ਦੱਸਿਆ ਕਿ ਸ਼ੈਲਬੀ ਮਲਟੀ-ਸਪੈਸ਼ਲਿਟੀ ਹਸਪਤਾਲ ਹੈ, ਜਿੱਥੇ ਹੁਣ ਕੈਂਸਰ ਦੇ ਇਲਾਜ ਦੀ ਆਧੁਨਿਕ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਮੁੱਖ ਮੰਤਵ ਸਮਾਜ ਸੇਵਾ ਦੇ ਖੇਤਰ ’ਚ ਯੋਗਦਾਨ ਪਾਉਂਦਿਆਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਨੇ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਮਰਜੈਂਸੀ ਵੇਲੇ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਅਤੇ ਤੁਰੰਤ ਇਲਾਜ ਸ਼ੁਰੂ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ। ਇਹ ਸਮਝੌਤਾ ਇਲਾਕਾ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਵਾਲੀਆ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਆਮ ਲੋਕ ਨਿੱਜੀ ਹਸਪਤਾਲ ਦੀਆਂ ਵਧੀਆ ਸੇਵਾਵਾਂ ਦਾ ਲਾਭ ਘੱਟ ਖਰਚੇ ’ਤੇ ਉੱਠਾ ਸਕਣਗੇ। ਇਸ ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵੀਨ ਕੁਮਾਰ, ਸਚਿਨ ਰਾਏਜਾਦਾ, ਜਸਵਿੰਦਰ ਸਿੰਘ ਅਤੇ ਪ੍ਰਿੰਸ ਵਰਮਾ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ।