ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ : ਬੇਦੀ ਗੁਰਦੁਆਰਾ ਸਾਹਿਬ ’ਚ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ : ਬੇਦੀ
Publish Date: Sun, 20 Sep 2026 08:06 PM (IST)
Updated Date: Mon, 21 Sep 2026 04:09 AM (IST)
ਗੁਰਦੁਆਰਾ ਸਾਹਿਬ ’ਚ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਸੀਨੀਅਰ ਕਾਂਗਰਸੀ ਆਗੂ ਅਤੇ ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਗੁਰਦੁਆਰਾ ਡੇਰਾ ਬਾਬਾ ਸ਼ਮੀਰ ਸਿੰਘ, ਬਲੌਂਗੀ ਵਿਖੇ ਇਕ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 600 ਤੋਂ ਵੱਧ ਲੋਕਾਂ ਨੇ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਵੱਖ-ਵੱਖ ਮੈਡੀਕਲ ਸੇਵਾਵਾਂ ਦਾ ਲਾਭ ਲਿਆ। ਕੈਂਪ ਵਿਚ ਮਰੀਜ਼ਾਂ ਦੀ ਜਾਂਚ ਦੇ ਨਾਲ-ਨਾਲ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਕੈਂਪ ਵਿਚ ਉੱਘੀ ਸਟੇਜ ਐਂਕਰ ਸਤਿੰਦਰ ਸੱਤੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਦੀ ਜਾਂਚ ਲਈ ਮੈਡੀਕਲ ਟੀਮਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਕੈਂਪ ’ਚ ਹਸਪਤਾਲ-ਤੇਰਾ-ਤੇਰਾ ਮਿਸ਼ਨ, ਚੰਡੀਗੜ੍ਹ ਦੀਆਂ ਟੀਮਾਂ ਸਮੇਤ ਹੋਰ ਸਿਹਤ ਸੰਸਥਾਵਾਂ ਅਤੇ ਮੈਡੀਕਲ ਟੀਮਾਂ ਨੇ ਸਹਿਯੋਗ ਦਿੱਤਾ। ਟੀਮਾਂ ਵੱਲੋਂ ਮਰੀਜ਼ਾਂ ਦੀ ਜਾਂਚ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ। ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਇਸੇ ਸੋਚ ਨਾਲ ਇਹ ਮੈਡੀਕਲ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਮੁਫ਼ਤ ਸਿਹਤ ਜਾਂਚ ਅਤੇ ਲੋੜੀਂਦੀਆਂ ਦਵਾਈਆਂ ਦੀ ਸਹੂਲਤ ਮੁਹੱਈਆ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਅਜਿਹੇ ਸਿਹਤ ਕੈਂਪਾਂ ਦੀ ਲੋੜ ਹੈ। ਇਸ ਮੌਕੇ ਕੌਂਸਲਰ ਨਰਪਿੰਦਰ ਸਿੰਘ ਰੰਗੀ, ਕੌਂਸਲਰ ਗੌਰਵ ਜੈਨ, ਸਿਮਰਨਜੀਤ ਸਿੰਘ, ਰਾਜਾ ਕੰਵਰ ਜੋਤ ਸਿੰਘ ਮੁਹਾਲੀ, ਖੱਤਰੀ ਅਰੋੜਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਐੱਸਐੱਸ ਗੁਲਾਟੀ, ਦਲੀਪ ਸਿੰਘ ਕੰਗ, ਗੁਰਦੇਵ ਸਿੰਘ ਚੌਹਾਨ, ਜੀਐੱਸ ਰਿਆੜ, ਗੁਰਪ੍ਰੀਤ ਸਿੰਘ ਮੁਹਾਲੀ ਸਮੇਤ ਹੋਰ ਸਮਾਜਿਕ ਅਤੇ ਰਾਜਨੀਤਿਕ ਆਗੂ ਅਤੇ ਪਿੰਡ ਦੇ ਮੋਹਤਬਰ ਸ਼ਾਮਲ ਸਨ।