- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੈਂਡ-ਪੂਲਿੰਗ ਦੇ ਨਾਂ 'ਤੇ ਧੋਖਾਧੜੀ: ਹਾਈ ਟੈਂਸ਼ਨ ਤਾਰਾਂ ਹੇਠ ਪਲਾਟ ਦੇਣ 'ਤੇ ਭੜਕੇ ਕਿਸਾਨ

- ਸਾਥੀ ਨਿਹੰਗ ਸਿੰਘਾਂ ਦੀ ਮਦਦ ਨਾਲ ਵਿਵਾਦਿਤ ਜ਼ਮੀਨ ’ਤੇ ਕੀਤਾ ਮੁੜ ਕਬਜ਼ਾ, ਜ਼ਮੀਨ ਵਾਹੀ,
- ਪ੍ਰਾਈਵੇਟ ਬਿਲਡਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ, ਪ੍ਰੋਜੈਕਟ ਦਾ ਕੰਮ ਰੋਕਣ ਦੀ ਗੁਹਾਰ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਦੇ ਨੇੜਲੇ ਪਿੰਡ ਰਾਏਪੁਰ ਕਲਾਂ ਵਿਚ ਇਕ ਪ੍ਰਾਈਵੇਟ ਬਿਲਡਰ ਵੱਲੋਂ ਲੈਂਡ-ਪੂਲਿੰਗ ਸਕੀਮ ਦੇ ਨਾਂ ’ਤੇ ਕਿਸਾਨਾਂ ਨਾਲ ਕਥਿਤ ਧੋਖਾਧੜੀ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਬਿਲਡਰ ’ਤੇ ਕਿਸਾਨਾਂ ਦੀ ਉਪਜਾਊ ਜ਼ਮੀਨ ਦੇ ਬਦਲੇ ਵਾਰਿਸਾਂ ਨੂੰ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਦੇ ਬਿਲਕੁਲ ਹੇਠਾਂ ਪਲਾਟ ਦੇਣ ਦੀ ਪੇਸ਼ਕਸ਼ ਕਰਨ ਤੋਂ ਜ਼ਮੀਨ ਮਾਲਕ ਭੜਕ ਗਏ ਹਨ ਅਤੇ ਪੀੜਤ ਕਿਸਾਨ ਨੇ ਨਿਹੰਗ ਸਿੰਘਾਂ ਦੀ ਮਦਦ ਨਾਲ ਆਪਣੀ ਅਸਲ ਜ਼ਮੀਨ 'ਤੇ ਮੁੜ ਕਬਜ਼ਾ ਕਰ ਕੇ ਉੱਥੇ ਆਪਣਾ ਡੇਰਾ ਜਮ੍ਹਾ ਲਿਆ ਹੈ ਅਤੇ ਨਿਹੰਗ ਸਿੰਘ ਨੇ ਜ਼ਮੀਨ ਨੂੰ ਵਾਹ ਲਿਆ ਹੈ। ਇਸ ਘਟਨਾਕ੍ਰਮ ਤੋਂ ਬਾਅਦ ਇਲਾਕੇ ਵਿਚ ਸਥਿਤੀ ਕਾਫ਼ੀ ਤਣਾਅਪੂਰਨ ਬਣਦੀ ਨਜ਼ਰ ਆ ਰਹੀ ਹੈ।
ਉਧਰ, ਇਸ ਬਿਲਡਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਮਗਰੋਂ ਪੁਲਿਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਨਿਹੰਗ ਸਿੰਘਾਂ ਨੇ ਪੁਲਿਸ ਨੂੰ ਸਾਫ਼ ਲਫ਼ਜ਼ਾਂ ਵਿਚ ਕਹਿ ਦਿੱਤਾ ਹੈ ਕਿ ਉਹ ਆਪਣੀ ਜ਼ਮੀਨ ਵਿਚ ਬੈਠੇ ਹਨ ਅਤੇ ਹਾਲੇ ਬਿਲਡਰ ਨਾਲ ਸਿਰਫ਼ ਐਗਰੀਮੈਂਟ ਕੀਤਾ ਹੈ ਅਤੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਹੈ।ਇਸ ਤਰ੍ਹਾਂ ਪੁਲਿਸ ਗੇੜਾ ਮਾਰ ਕੇ ਵਾਪਸ ਚਲੀ।
ਨਿਹੰਗ ਸਿੰਘ ਪਰਮਜੀਤ ਸਿੰਘ, ਗੁਰਮੰਤਰ ਸਿੰਘ ਅਤੇ ਨੰਬਰਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚਾਰ ਕੁ ਸਾਲ ਪਹਿਲਾਂ ਇਕ ਪ੍ਰਾਈਵੇਟ ਬਿਲਡਰ ਨੇ ਦਰਸ਼ਨ ਸਿੰਘ ਨਾਲ ਲਗਭਗ ਦੋ ਏਕੜ ਜ਼ਮੀਨ ਲੈਣ ਲਈ ਐਗਰੀਮੈਂਟ ਕੀਤਾ ਸੀ। ਕੁੱਝ ਸਮਾਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਹੈ। ਜਿਸ ਦਾ ਫਾਇਦਾ ਚੁੱਕ ਕੇ ਬਿਲਡਰ ਵਾਰਿਸਾਂ ਨੂੰ ਹਾਈ ਟੈਂਸ਼ਨ ਤਾਰਾਂ ਥੱਲੇ ਪਲਾਟ ਦੇ ਰਿਹਾ ਹੈ। ਜਿਸ ਕਾਰਨ ਵਾਰਿਸਾਂ ਨੇ ਵਿਰੋਧ ਕੀਤਾ ਅਤੇ ਨਿਹੰਗ ਸਿੰਘਾਂ ਦੀ ਮਦਦ ਨਾਲ ਆਪਣੀ ਜ਼ਮੀਨ ਕਬਜ਼ੇ ਵਿਚ ਲੈ ਲਈ। ਉਨ੍ਹਾਂ ਬਿਲਡਰ ’ਤੇ ਦੋਸ਼ ਲਾਇਆ ਕਿ ਜਦੋਂ ਜ਼ਮੀਨ ਲੈਣੀ ਸੀ ਤਾਂ ਉਦੋਂ ਬਹੁਤ ਵਧੀਆ ਲੋਕੇਸ਼ਨਾਂ ਦਿਖਾਈਆਂ ਗਈਆਂ ਸਨ ਪਰ ਹੁਣ ਦਰਸ਼ਨ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ 65 ਹਜ਼ਾਰ ਕਿੱਲੋਵਾਟ ਕਰੰਟ ਵਾਲੀਆਂ ਤਾਰਾਂ ਦੇ ਥੱਲੇ ਪਲਾਟ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜੋ ਸਰਾਸਰ ਗਲਤ ਹੈ।
ਬਿਲਡਰ ਦੀ ਇਸ ਧੱਕੇਸ਼ਾਹੀ ਵਿਰੁੱਧ ਪੀੜਤ ਪਰਿਵਾਰ ਨੇ ਸਾਥੀ ਨਿਹੰਗ ਸਿੰਘਾਂ ਨੂੰ ਨਾਲ ਲੈ ਕੇ ਆਪਣੀ ਜ਼ਮੀਨ 'ਤੇ ਜਾ ਕੇ ਆਪਣਾ ਹੱਕ ਜਤਾਇਆ ਅਤੇ ਕਬਜ਼ਾ ਵਾਪਸ ਲੈ ਲਿਆ। ਜ਼ਮੀਨ 'ਤੇ ਕਬਜ਼ਾ ਕਰਨ ਤੋਂ ਬਾਅਦ ਨਿਹੰਗ ਸਿੰਘਾਂ ਨੇ ਉੱਥੇ ਆਪਣੇ ਪੱਕੇ ਡੇਰੇ ਲਗਾ ਲਏ ਹਨ। ਘਟਨਾ ਤੋਂ ਬਾਅਦ ਮੌਕੇ 'ਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਖ਼ਦਸ਼ੇ ਨੂੰ ਦੇਖਦਿਆਂ ਮਾਹੌਲ ਗੰਭੀਰ ਬਣਿਆ ਹੋਇਆ ਹੈ।
ਨਿਹੰਗ ਸਿੰਘਾਂ ਨੇ ਕਿਹਾ ਕਿ ਹਾਈ ਟੈਂਸ਼ਨ ਤਾਰਾਂ ਦੇ ਹੇਠਾਂ ਰਿਹਾਇਸ਼ੀ ਪਲਾਟ ਹੋਣ ਕਾਰਨ ਇੱਥੇ ਕਦੇ ਵੀ ਕੋਈ ਵੱਡਾ ਜਾਨਲੇਵਾ ਹਾਦਸਾ ਵਾਪਰ ਸਕਦਾ ਹੈ। ਵੈਸੇ ਵੀ ਨਿਯਮਾਂ ਅਨੁਸਾਰ ਹਾਈ ਵੋਲਟੇਜ ਤਾਰਾਂ ਦੇ ਹੇਠਾਂ ਨਾ ਤਾਂ ਪਲਾਟ ਕੱਟੇ ਜਾ ਸਕਦੇ ਹਨ ਅਤੇ ਨਾ ਹੀ ਵੇਚੇ ਜਾ ਸਕਦੇ ਹਨ। ਇਸ ਦੇ ਬਾਵਜੂਦ ਬਿਲਡਰ ਸ਼ਰ੍ਹੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਲਡਰ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਹੀ ਤੇ ਸੁਰੱਖਿਅਤ ਥਾਂ 'ਤੇ ਪਲਾਟ ਦਿੱਤੇ ਜਾਣ। ਪੀੜਤਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦਾ ਵਿਰੋਧ ਅਤੇ ਜ਼ਮੀਨ 'ਤੇ ਕਬਜ਼ਾ ਜਾਰੀ ਰਹੇਗਾ।
ਬਾਕਸ:
ਨਿਹੰਗ ਪਰਮਜੀਤ ਸਿੰਘ ਖਾਲਸਾ ਨੇ ਮੌਕਾ ਦੇਖਣ ਆਈ ਪੁਲਿਸ ਟੀਮ ਨੂੰ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਆਪਣੀ ਜ਼ਮੀਨ ਵਿਚ ਬੈਠੇ ਹਨ। ਜਦੋਂ ਤੱਕ ਬਿਲਡਰ ਦੇ ਨਾਂ ਰਜਿਸਟਰੀ ਹੀ ਨਹੀਂ ਹੋਈ ਤਾਂ ਉਹ ਜ਼ਮੀਨ ’ਤੇ ਆਪਣਾ ਹੱਕ ਨਹੀਂ ਜਿਤਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਸਬੰਧੀ ਕੀਤੇ ਐਗਰੀਮੈਂਟ ਮੁਤਾਬਕ ਕਿਸਾਨ ਨੂੰ ਖੇਤਾਂ ਵਿਚ ਖੜੇ ਦਰੱਖ਼ਤਾਂ, ਟਿਬਿਊਵੈੱਲ ਅਤੇ ਸੂਰ ਫਾਰਮ ਦੇ ਲਗਭਗ 2 ਕਰੋੜ ਰੁਪਏ ਮੁਆਵਜ਼ੇ ਵਜੋਂ ਦਿੱਤੇ ਸਨ, ਉਹ ਇਹ ਰਾਸ਼ੀ ਮੋੜਨ ਲਈ ਤਿਆਰ ਹਨ, ਪ੍ਰੰਤੂ ਹਾਈ ਟੈਂਸ਼ਨ ਤਾਰਾਂ ਦੇ ਥੱਲੇ ਰਿਹਾਇਸ਼ੀ ਪਲਾਟ ਬਿਲਕੁਲ ਮਨਜ਼ੂਰ ਨਹੀਂ ਹਨ। ਹੁਣ ਸੋਮਵਾਰ ਨੂੰ ਆਪਸ ਵਿਚ ਬੈਠ ਕੇ ਦੁਬਾਰਾ ਗੱਲਬਾਤ ਹੋਵੇਗੀ।
ਬਾਕਸ :
ਭਾਰਤੀ ਕਿਸਾਨ ਯੂਨੀਅਨ (ਪੁਆਧ) ਦੇ ਪ੍ਰਧਾਨ ਮੱਖਣ ਸਿੰਘ ਗੀਗੇਮਾਜਰਾ ਵੀ ਮੌਕੇ ’ਤੇ ਪਹੁੰਚ ਗਏ ਅਤੇ ਪੀੜਤ ਕਿਸਾਨ ਅਤੇ ਨਿਹੰਗ ਸਿੰਘਾਂ ਨੂੰ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਬਹੁਤ ਸਾਰੇ ਬਿਲਡਰ ਅਧਿਕਾਰੀਆਂ ਨਾਲ ਮਿਲ ਕੇ ਧੱਕੇ ਨਾਲ ਜ਼ਮੀਨਾਂ ਖੋਹ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨ ਯੂਨੀਅਨ (ਪੁਆਧ) ਹਮੇਸ਼ਾ ਕਿਸਾਨਾਂ ਨਾਲ ਡਟ ਕੇ ਖੜੀ ਹੈ ਅਤੇ ਭਵਿੱਖ ’ਚ ਵੀ ਖੜੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਲਈ ਸੰਘਰਸ਼ ਦੀ ਲੋੜ ਪਈ ਤਾਂ ਉਨ੍ਹਾਂ ਦੀ ਜਥੇਬੰਦੀ ਪਿੱਛੇ ਨਹੀਂ ਹਟੇਗੀ।