ਦੋ ਧਿਰਾਂ ਦੇ ਆਪਸੀ ਝਗੜੇ ’ਚ ਚਾਰ ਨੌਜਵਾਨ ਜ਼ਖ਼ਮੀ ਦੋ ਧਿਰਾਂ ਦੇ ਆਪਸੀ ਝਗੜੇ ’ਚ ਚਾਰ ਨੌਜਵਾਨ ਜ਼ਖ਼ਮੀ,
Publish Date: Thu, 22 Oct 2026 09:21 PM (IST)
Updated Date: Thu, 22 Oct 2026 09:24 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਵੀਰਵਾਰ ਬਾਅਦ ਦੁਪਹਿਰ ਖਰੜ ਦੀ ਸ਼ਿਵਜੋਤ ਇਨਕਲੇਵ ਵਿਚ ਚਾਰ ਗੱਡੀਆਂ ਵਿਚ ਆਏ 25 ਤੋਂ 30 ਨੌਜਵਾਨਾਂ ਵੱਲੋਂ ਤਿੰਨ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਹ ਝਗੜਾ ਅੱਜ ਨਹੀਂ ਰਾਤ ਵੀ ਦੋਵੇਂ ਧਿਰਾਂ ਵਿਚ ਹੋਇਆ ਸੀ, ਜਿਸ ਵਿਚ ਇਕ ਨੌਜਵਾਨ ਜ਼ਖ਼ਮੀ ਹੋਇਆ ਸੀ। ਸਿਵਲ ਹਸਪਤਾਲ ਖਰੜ ਵਿਖੇ ਸ਼ਾਮ 4 ਵਜੇ ਦੇ ਕਰੀਬ ਤਿੰਨ ਨੌਜਵਾਨਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਦੀ ਪਛਾਣ ਜਸਪ੍ਰੀਤ ਸਿੰਘ, ਹਰਜੋਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੁਰਾਲੀ ਅਤੇ ਰਵੀ ਕੁਮਾਰ ਪੁੱਤਰ ਨੇਤਰਪਾਲ ਵਜੋਂ ਹੋਈ ਹੈ। ਜ਼ਖ਼ਮੀਆਂ ਨੇ ਦੱਸਿਆ ਕਿ ਜਦੋਂ ਉਹ ਸ਼ਿਵਜੋਤ ਦੀ ਮਾਰਕੀਟ ਵਿਚ ਸਨ ਤਾਂ ਚਾਰ ਗੱਡੀਆਂ ਵਿਚ ਆਏ 25 ਤੋਂ 30 ਨੌਜਵਾਨਾਂ ਵੱਲੋਂ ਉਨ੍ਹਾਂ ’ਤੇ ਗੰਡਾਸੀਆਂ, ਦਾਤਰ, ਬੀਡੇ, ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਉਹ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਵੱਲੋਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਮੁਹਾਲੀ ਜ਼ਿਲ੍ਹਾ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਹੈ। ਇਸ ਮੌਕੇ ਜ਼ਖ਼ਮੀ ਨੌਜਵਾਨ ਹਰਜੋਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੂੰ ਉਹ ਪਛਾਣਦੇ ਨਹੀਂ ਹਨ ਪਰ ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਸਨ ਕਿ ਬੀਤੀ ਰਾਤ ਗਿਲਕੋ ਵੈਲੀ ਵਿਚ ਤੁਸੀਂ ਸਾਡੇ ਬੰਦਿਆਂ ਦੇ ਗੋਲ਼ੀ ਮਾਰੀ ਹੈ ਅਤੇ ਸਾਡੀ ਗੱਡੀਆਂ ਦੀ ਭੰਨਤੋੜ ਕੀਤੀ ਹੈ, ਜਿਸ ਦਾ ਬਦਲਾ ਉਨ੍ਹਾਂ ਵੱਲੋਂ ਲਿਆ ਗਿਆ ਹੈ। ਇਸ ਮਾਮਲੇ ਦੀ ਹਸਪਤਾਲ ਵਿਚੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਪਤਾ ਚੱਲਿਆ ਹੈ ਕਿ ਬੀਤੀ ਰਾਤ 12 ਵਜੇ ਦੇ ਕਰੀਬ ਇਕ ਨੌਜਵਾਨ ਜਿਸ ਦਾ ਨਾਮ ਹਸਪਤਾਲ ਦੇ ਰਿਕਾਰਡ ਮੁਤਾਬਕ ਵੀਰਪਾਲ ਸਿੰਘ ਵਾਸੀ ਮਾਡਲ ਟਾਊਨ ਹੈ, ਜੋਕਿ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਿਆ ਸੀ, ਜਿਸ ਨੂੰ ਹਸਪਤਾਲ ਵੱਲੋਂ ਸੈਕਟਰ 32 ਦੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਇਸ ਸਾਰੇ ਮਾਮਲੇ ’ਤੇ ਐੱਸਐੱਚਓ ਸਿਟੀ ਅਮਰਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਧਿਰਾਂ ਦੀ ਆਪਸੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ, ਜਿਸ ਕਾਰਨ ਬੀਤੀ ਰਾਤ ਤੇ ਅੱਜ ਸ਼ਾਮ ਸਮੇਂ ਇਹ ਦੋਵੇਂ ਝਗੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਝਗੜੇ ਵਿਚ ਕੋਈ ਗੋਲ਼ੀ ਨਹੀਂ ਚੱਲੀ ਪਰ ਏਅਰ ਪਿਸਤੌਲ ਨਾਲ ਹਮਲਾ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।