ਪ੍ਰਭ ਆਸਰਾ ਸੰਸਥਾ ਵਿਚ ਚਾਰ ਹੋਰ ਨਾਗਰਿਕਾਂ ਨੂੰ ਮਿਲੀ ਸ਼ਰਨ

ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਕੁਰਾਲੀ : ਸ਼ਹਿਰ ਦੀ ਹੱਦ ’ਚ ਪੈਂਦੇ ਪਿੰਡ ਪਡਿਆਲਾ ਸਥਿਤ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਚਾਰ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਦਿੱਤੀ ਗਈ ਹੈ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਪਰਵੀਨ (36) ਜੋ ਕੇ ਮਾਨਸਿਕ ਰੋਗ ਤੋਂ ਪੀੜਤ ਹੋਣ ਕਰਕੇ ਲਾਵਾਰਿਸ ਹਾਲਤ ’ਚ ਪਿੰਡ ਚੁੰਨੀ ਦੀਆਂ ਸੜਕਾਂ ’ਤੇ ਰੁਲ਼ ਰਹੀ ਸੀ, ਇਸ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਸਮਾਜ ਦਰਦੀ ਸੱਜਣਾ ਵੱਲੋਂ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਉਪਰੰਤ ਪ੍ਰਸ਼ਾਸਨ ਵੱਲੋਂ ਇਸ ਨੂੰ ਇਲਾਜ ਅਤੇ ਸਾਂਭ-ਸੰਭਾਲ ਲਈ ਪ੍ਰਭ ਆਸਰਾ ਸੰਸਥਾ ਵਿਚ ਦਾਖ਼ਲ ਕਰਵਾਇਆ ਗਿਆ। ਇਸੇ ਤਰ੍ਹਾਂ ਨਰੇਸ਼ ਰਾਣੀ (75) ਨੂੰ ਪ੍ਰਭ ਆਸਰਾ ਸੰਸਥਾ ਦੇ ਮੇਨ ਗੇਟ ਲਾਗੇ ਲਾਵਾਰਿਸ ਅਤੇ ਤਰਸਯੋਗ ਹਾਲਤ ਵਿਚ ਦੇਖਿਆ ਗਿਆ, ਸਕਿਉਰਟੀ ਗਾਰਡ ਦੇ ਪੁੱਛਣ ’ਤੇ ਉਹ ਆਪਣੇ ਬਾਰੇ ਕੁਝ ਵੀ ਦੱਸ ਨਹੀਂ ਰਹੀ ਸੀ, ਇਸ ਬਾਰੇ ਗਾਰਡ ਵੱਲੋਂ ਟੀਮ ਨੂੰ ਜਾਣਕਾਰੀ ਦਿੱਤੀ ਗਈ ਅਤੇ ਔਰਤ ਦੀ ਤਰਸਯੋਗ ਹਾਲਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਟੀਮ ਵੱਲੋਂ ਉਸ ਨੂੰ ਸੰਸਥਾ ਦੇ ਅੰਦਰ ਲਿਆਂਦਾ ਗਿਆ। ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਉਪਰੰਤ ਪ੍ਰਸ਼ਾਸਨ ਵੱਲੋਂ ਇਸ ਨੂੰ ਇਲਾਜ ਅਤੇ ਸਾਂਭ-ਸੰਭਾਲ ਲਈ ਪ੍ਰਭ ਆਸਰਾ ਸੰਸਥਾ ਵਿਚ ਦਾਖ਼ਲ ਕਰਵਾਇਆ ਗਿਆ। ਇਸੇ ਤਰ੍ਹਾਂ ਇਕ ਨਾਗਰਿਕ ਕਾਸ਼ੀ (60) ਜੋ ਕਿ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਨੂਰਪੁਰ ਬੇਟ ਵਿਚ ਕਾਫ਼ੀ ਸਮੇਂ ਤੋਂ ਰਹਿੰਦਾ ਸੀ ਤੇ ਇਸ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਸੀ, ਜਿਸ ਕਾਰਨ ਉਹ ਆਪਣੇ ਪਿਛੋਕੜ ਬਾਰੇ ਕੁਝ ਵੀ ਨਹੀਂ ਜਾਣਦਾ ਸੀ ਤੇ ਪਿੰਡ ਦੀਆਂ ਮੋਟਰਾਂ ’ਤੇ ਹੀ ਰਹਿੰਦਾ ਸੀ ਅਤੇ ਹੁਣ ਇਸ ਦੀ ਸਿਹਤ ਵੀ ਖ਼ਰਾਬ ਰਹਿਣ ਲੱਗ ਪਈ ਸੀ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੀ ਸਾਂਭ-ਸੰਭਾਲ ਕਰਨ ਵਾਲਾ ਕੋਈ ਵੀ ਨਹੀਂ ਹੈ, ਜਿਸ ਕਰਕੇ ਇਸ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਪਿੰਡ ਦੀ ਪੰਚਾਇਤ ਤੇ ਪ੍ਰਸ਼ਾਸਨ ਵੱਲੋਂ ਸਾਂਭ-ਸੰਭਾਲ ਅਤੇ ਇਲਾਜ ਲਈ ਪ੍ਰਭ ਆਸਰਾ ਸੰਸਥਾ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜੋਗਿੰਦਰ ਕੌਰ (70) ਜੋ ਕਿ ਮਾਨਸਿਕ ਰੋਗ ਤੋਂ ਪੀੜਤ ਹੋਣ ਕਰਕੇ ਲਾਵਾਰਿਸ ਹਾਲਤ ਵਿਚ ਖਰੜ ਤੋਂ ਕੁਰਾਲੀ ਦੀਆਂ ਸੜਕਾਂ ’ਤੇ ਰੁਲ ਰਹੀ ਸੀ। ਇਸ ਸਬੰਧੀ ਸਮਾਜ ਦਰਦੀ ਸੱਜਣਾ ਵੱਲੋਂ ਉਕਤ ਔਰਤ ਨੂੰ ਇਲਾਜ ਅਤੇ ਸਾਂਭ-ਸੰਭਾਲ ਲਈ ਪ੍ਰਭ ਆਸਰਾ ਸੰਸਥਾ ਵਿਚ ਦਾਖ਼ਲ ਕਰਵਾਇਆ ਗਿਆ। ਸੰਸਥਾ ਦੇ ਸੰਚਾਲਕਾਂ ਨੇ ਦੱਸਿਆ ਕਿ ਉਕਤ ਸੱਜਣਾ ਨੂੰ ਜੇਕਰ ਕੋਈ ਪਛਾਣਦਾ ਹੋਵੇ ਤਾਂ ਪ੍ਰਭ ਆਸਰਾ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਪ੍ਰਭ ਆਸਰਾ ਪਰਮਾਤਮਾ ਦੀ ਕਿਰਪਾ ਅਤੇ ਸਮਾਜ ਦਰਦੀ ਸੱਜਣਾ ਦੇ ਸਹਿਯੋਗ ਨਾਲ ਹੁਣ ਤੱਕ ਇਹੋ ਜਿਹੇ ਹਜ਼ਾਰਾਂ ਹੀ ਨਾਗਰਿਕਾਂ ਦੀ ਜ਼ਿੰਦਗੀ ਸੁਧਾਰ ਚੁੱਕੀ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮਿਲਾ ਚੁੱਕੀ ਹੈ।