- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਚੋਣਾਂ 2027 : ਡੇਰਾਬੱਸੀ ਹਲਕੇ ’ਚ ਕਾਂਗਰਸ ਪਾਰਟੀ ਦੀ ਟਿਕਟ ਲਈ ਚਾਰ ਦਾਅਵੇਦਾਰ,

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਸਮੇਤ ਡੇਰਾਬੱਸੀ ਹਲਕੇ ਵਿਚ ਰਾਜਨੀਤਿਕ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਹਲਕੇ ਵਿਚ ਚੋਣ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ ਅਤੇ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਆਗੂਆਂ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਇਸੇ ਦਰਮਿਆਨ ਕਾਂਗਰਸ ਪਾਰਟੀ ਅੰਦਰ ਵੀ ਵਿਧਾਨ ਸਭਾ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਡੇਰਾਬੱਸੀ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਮੁੱਖ ਤੌਰ ’ਤੇ ਚਾਰ ਨਾਮ ਚਰਚਾ ਦੇ ਕੇਂਦਰ ਵਿਚ ਹਨ। ਜਿਸ ਵਿਚ ਦੀਪਇੰਦਰ ਸਿੰਘ ਢਿੱਲੋਂ ਹਲਕਾ ਇੰਚਾਰਜ, ਉਦੈਵੀਰ ਸਿੰਘ ਢਿੱਲੋਂ ਉਪ ਪ੍ਰਧਾਨ ਪੰਜਾਬ ਯੂਥ ਕਾਂਗਰਸ, ਅਮਿਤ ਬਾਵਾ ਸੈਣੀ ਬੁਲਾਰੇ ਪੰਜਾਬ ਕਾਂਗਰਸ, ਗੁਰਤੇਜ ਸਿੰਘ ਬੈਨੀਪਾਲ ਸਿਆਸੀ ਪਰਿਵਾਰਕ ਪਿਛੋਕੜ ਫਿਲਹਾਲ ਕਾਂਗਰਸ ਹਾਈਕਮਾਂਡ ਨੇ ਉਮੀਦਵਾਰੀ ਸਬੰਧੀ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਹੈ, ਪਰ ਚਾਰੇ ਆਗੂ ਆਪਣੇ ਤਜ਼ਰਬੇ, ਸੰਗਠਨਾਤਮਕ ਪਕੜ ਅਤੇ ਹਲਕੇ ਵਿਚ ਸਰਗਰਮੀ ਦੇ ਆਧਾਰ ’ਤੇ ਆਪਣਾ ਦਾਅਵਾ ਮਜ਼ਬੂਤ ਕਰ ਰਹੇ ਹਨ।
ਦਾਅਵੇਦਾਰਾਂ ਦੀ ਸਿਆਸੀ ਤਾਕਤ ਅਤੇ ਪਿਛੋਕੜ
ਦੀਪਇੰਦਰ ਸਿੰਘ ਢਿੱਲੋਂ : ਲੰਬੇ ਤਜ਼ਰਬੇ ਅਤੇ ਜਨ-ਸੰਪਰਕ ਦਾ ਆਧਾਰ
ਦੀਪਇੰਦਰ ਸਿੰਘ ਢਿੱਲੋਂ ਹਲਕੇ ਵਿਚ ਲੰਬੇ ਸਮੇਂ ਤੋਂ ਕਾਂਗਰਸ ਦਾ ਪ੍ਰਮੁੱਖ ਚਿਹਰਾ ਰਹੇ ਹਨ। ਉਹ ਪਹਿਲਾਂ ਵੀ ਕਾਂਗਰਸ ਦੀ ਟਿਕਟ ’ਤੇ ਚੋਣਾਂ ਲੜ ਚੁੱਕੇ ਹਨ ਅਤੇ ਮੌਜੂਦਾ ਸਮੇਂ ਹਲਕਾ ਇੰਚਾਰਜ ਵਜੋਂ ਜ਼ਮੀਨੀ ਪੱਧਰ ’ਤੇ ਪਾਰਟੀ ਵਰਕਰਾਂ ਨਾਲ ਮਜ਼ਬੂਤ ਰਾਬਤਾ ਬਣਾਈ ਬੈਠੇ ਹਨ। ਹਲਕੇ ਵਿਚ ਲਗਾਤਾਰ ਲੋਕ-ਸੰਪਰਕ ਉਨ੍ਹਾਂ ਦੀ ਦਾਅਵੇਦਾਰੀ ਨੂੰ ਵੱਡਾ ਬਲ ਦਿੰਦਾ ਹੈ। ਉਨ੍ਹਾਂ ਨੇ 2012 ’ਚ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਦੀ ਚੋਣ ਲੜੀ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਨਾਰਾਜ਼ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਚਲੇ ਗਏ ਸੀ ਅਤੇ ਦੁਬਾਰਾ ਫਿਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸੀ।
ਉਦੈਵੀਰ ਸਿੰਘ ਢਿੱਲੋਂ : ਯੂਥ ਕਾਂਗਰਸ ਦਾ ਨੌਜਵਾਨ ਚਿਹਰਾ
ਦੀਪਇੰਦਰ ਸਿੰਘ ਢਿੱਲੋਂ ਦੇ ਪੁੱਤਰ ਉਦੈਵੀਰ ਸਿੰਘ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਹਨ। ਉਹ ਨੌਜਵਾਨਾਂ ਵਿਚ ਖਾਸੇ ਸਰਗਰਮ ਹਨ। ਇਕੋ ਪਰਿਵਾਰ ਵਿਚੋਂ ਦੋ ਨਾਵਾਂ ਦੀ ਚਰਚਾ ਹੋਣ ਕਾਰਨ ਢਿੱਲੋਂ ਪਰਿਵਾਰ ਦੀ ਦਾਅਵੇਦਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ, ਪਾਰਟੀ ਕਿਸ ਨੂੰ ਪਹਿਲ ਦੇਵੇਗੀ, ਇਹ ਅਜੇ ਭਵਿੱਖ ਦੇ ਗਰਭ ਵਿਚ ਹੈ। ਦੱਸਣਯੋਗ ਹੈ ਕਿ ਉਦੈਵੀਰ ਸਿੰਘ ਢਿੱਲੋਂ ਜ਼ੀਰਕਪੁਰ ਦੇ ਕੌਂਸਲ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਰਹਿਨੁਮਾਈ ਵਿਚ ਕਾਂਗਰਸ ਪਾਰਟੀ ਨੇ ਬਲਾਕ ਸੰਮਤੀ 2025 ਦੀਆਂ ਚੋਣਾਂ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ 8 ਸੀਟਾਂ ’ਤੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ।
ਅਮਿਤ ਬਾਵਾ ਸੈਣੀ : ਮੀਡੀਆ ਅਤੇ ਵਿਚਾਰਧਾਰਕ ਪੱਖੋਂ ਮਜ਼ਬੂਤ
ਪੰਜਾਬ ਕਾਂਗਰਸ ਦੇ ਬੁਲਾਰੇ ਅਮਿਤ ਬਾਵਾ ਸੈਣੀ ਵੀ ਡੇਰਾਬੱਸੀ ਤੋਂ ਚੋਣ ਲੜਨ ਦੇ ਇਛੁੱਕ ਹਨ। ਪਾਰਟੀ ਦੇ ਬੁਲਾਰੇ ਵਜੋਂ ਉਹ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ’ਤੇ ਕਾਂਗਰਸ ਦਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਰੱਖਦੇ ਆ ਰਹੇ ਹਨ। ਹੁਣ ਉਹ ਜ਼ਮੀਨੀ ਸਿਆਸਤ ਵਿਚ ਉੱਤਰ ਕੇ ਡੇਰਾਬੱਸੀ ਤੋਂ ਟਿਕਟ ’ਤੇ ਦਾਅਵਾ ਪੇਸ਼ ਕਰ ਰਹੇ ਹਨ। ਅਮਿਤ ਬਾਵਾ ਸੈਣੀ ਓਬੀਸੀ ਕਮਿਊਨਿਟੀ ਨਾਲ ਸਬੰਧਿਤ ਹਨ। ਉਹ ਰਾਹੁਲ ਗਾਂਧੀ ਵੱਲੋਂ ਚਲਾਈ ਵਿਦਿਆਰਥੀਆਂ ਦੀ ਗੂੰਜ ਦੇ ਨੈਸ਼ਨਲ ਕੋਆਰਡੀਨੇਟਰ ਵੀ ਹਨ ਅਤੇ ਰਾਹੁਲ ਗਾਂਧੀ ਦੀ ਟੀਮ ਦੇ ਮੈਂਬਰ ਹਨ।
ਗੁਰਤੇਜ ਸਿੰਘ ਬੈਨੀਪਾਲ : ਮਜ਼ਬੂਤ ਪਰਿਵਾਰਕ ਸਿਆਸੀ ਵਿਰਾਸਤ
ਹਲਕੇ ਦੇ ਪਿੰਡ ਕਾਰਕੋਰ ਦੇ ਰਹਿਣ ਵਾਲੇ ਗੁਰਤੇਜ ਸਿੰਘ ਬੈਨੀਪਾਲ ਵੀ ਟਿਕਟ ਦੀ ਦੌੜ ਵਿਚ ਸ਼ਾਮਲ ਹਨ। ਉਨ੍ਹਾਂ ਦੇ ਪਿਤਾ, ਸਾਬਕਾ ਮੰਤਰੀ ਹਰਨੇਕ ਸਿੰਘ ਬੈਨੀਪਾਲ ਦੀ ਸਿਆਸੀ ਵਿਰਾਸਤ ਅਤੇ ਇਲਾਕੇ ਵਿਚ ਪਰਿਵਾਰਕ ਪ੍ਰਭਾਵ ਉਨ੍ਹਾਂ ਦੀ ਉਮੀਦਵਾਰੀ ਦਾ ਮੁੱਖ ਆਧਾਰ ਹੈ। ਗੁਰਤੇਜ ਸਿੰਘ ਬੈਨੀਪਾਲ ਪੇਸ਼ੇ ਤੋਂ ਵਕੀਲ ਹਨ। ਉਹ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੇ ਕਰੀਬੀ ਹਨ।
ਹਾਈਕਮਾਂਡ ਦੇ ਫ਼ੈਸਲੇ ’ਤੇ ਟਿਕੀਆਂ ਨਜ਼ਰਾਂ
ਕਾਂਗਰਸ ਹਾਈਕਮਾਂਡ ਲਈ ਇਹ ਦੇਖਣਾ ਅਹਿਮ ਹੋਵੇਗਾ ਕਿ ਕਿਹੜਾ ਉਮੀਦਵਾਰ ਧੜੇਬੰਦੀ ਤੋਂ ਉੱਪਰ ਉੱਠ ਕੇ ਪਾਰਟੀ ਨੂੰ ਜਿੱਤ ਦਿਵਾ ਸਕਦਾ ਹੈ। ਅਜੇ ਤੱਕ ਪਾਰਟੀ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਹਾਈਕਮਾਂਡ ਤਜ਼ਰਬੇ, ਨੌਜਵਾਨ ਊਰਜਾ, ਜਾਂ ਪਰਿਵਾਰਕ ਸਿਆਸੀ ਪਿਛੋਕੜ ’ਚੋਂ ਕਿਸ ’ਤੇ ਭਰੋਸਾ ਜਤਾਉਂਦੀ ਹੈ।