ਗੋਲ਼ੀਬਾਰੀ ਮਾਮਲੇ ’ਚ ਚਾਰ ਮੁਲਜ਼ਮ ਗ੍ਰਿਫ਼ਤਾਰ
ਗੋਲ਼ੀਬਾਰੀ ਮਾਮਲੇ ’ਚ ਚਾਰ ਮੁਲਜ਼ਮ ਗ੍ਰਿਫ਼ਤਾਰ
Publish Date: Thu, 02 Apr 2026 07:11 PM (IST)
Updated Date: Thu, 02 Apr 2026 07:13 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੋਹਾਣਾ ਪੁਲਿਸ ਵੱਲੋਂ ਅਸਲਾ ਐਕਟ ਅਤੇ ਇਰਾਦਾ-ਏ-ਕਤਲ ਦੇ ਮਾਮਲੇ ’ਚ ਨਾਮਜ਼ਦ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰੀਤਇੰਦਰ ਸਿੰਘ ਵਾਸੀ ਪਿੰਡ ਰਜਿੰਦਰ ਨਗਰ, ਖੰਨਾ, ਸਾਵੇਜ ਖ਼ਾਨ ਵਾਸੀ ਪਿੰਡ ਟਪਰਣਾ, ਸ਼ਾਮਲੀ (ਯੂਪੀ), ਜੋਬਨਪ੍ਰੀਤ ਸਿੰਘ ਵਾਸੀ ਪਿੰਡ ਢੂਲਣ, ਫਤਿਹਾਬਾਦ (ਹਰਿਆਣਾ) ਅਤੇ ਹਾਰਦਿਕ ਅਦਲਖਾ ਵਾਸੀ ਪਿੰਡ ਮੋਹਨਾ, ਜ਼ਿਲ੍ਹਾ ਬੱਲਭਗੜ੍ਹ (ਹਰਿਆਣਾ) ਵਜੋਂ ਹੋਈ ਹੈ। ਜਦੋਂਕਿ ਫ਼ਰਾਰ ਮੁਲਜ਼ਮਾਂ ਦੀ ਭਾਲ਼ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦਿੱਤੀ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਇੱਥੋਂ ਦੇ ਸੈਕਟਰ-115 ਸਥਿਤ ਆਂਸਲ ਸੁਸਾਇਟੀ ਵਿਚ ਜਨਮ ਦਿਨ ਦੀ ਪਾਰਟੀ ਦੌਰਾਨ ਉਕਤ ਵਿਅਕਤੀਆਂ ਦਾ ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਵਿਵਾਦ ਹੋ ਗਿਆ ਅਤੇ ਗੱਲ ਗੋਲ਼ੀ ਚਲਾਉਣ ਤੱਕ ਪਹੁੰਚ ਗਈ। ਯਮੁਨਾਨਗਰ (ਹਰਿਆਣਾ) ਦੇ ਵਸਨੀਕ ਅਨੁਜ ਸ਼ਰਮਾ ਜੋ ਹੁਣ ਆਂਸਲ ਸੁਸਾਇਟੀ ਸੈਕਟਰ-115 ਵਿਚ ਰਹਿੰਦੇ ਹਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਸੁਸਾਇਟੀ ਵਿਚ ਰੀਤਇੰਦਰ ਸਿੰਘ ਦੇ ਦੋਸਤ ਹਰਸ਼ਿਤ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਦੋਵਾਂ ਧਿਰਾਂ ਵਿਚ ਝਗੜਾ ਹੋਇਆ ਸੀ। ਇਸ ਦੌਰਾਨ ਇਕ ਨੌਜਵਾਨ ਨੇ ਸਾਵੇਜ ਖ਼ਾਨ ਦੇ ਸਿਰ ’ਤੇ ਕੱਚ ਦਾ ਗਿਲਾਸ ਮਾਰਿਆ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਰੰਜ਼ਿਸ਼ ਪੈਦਾ ਹੋ ਗਈ। ਡੀਐੱਸਪੀ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ 1 ਅਪ੍ਰੈਲ ਨੂੰ ਦੋਵੇਂ ਧਿਰਾਂ ਪਿੰਡ ਭਾਗੋਮਾਜਰਾ ਨੇੜੇ ਪੁਰਾਣੇ ਕਬੱਡੀ ਗਰਾਊਂਡ ਕੋਲ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫਾਇਰਿੰਗ ਕਰ ਦਿੱਤੀ, ਜਿਸ ਵਿਚ ਅਨੁਜ ਸ਼ਰਮਾ ਦੇ ਦੋਸਤ ਰਿਸ਼ਭ ਫੋਗਾਟ ਦੀ ਖੱਬੀ ਬਾਂਹ ਵਿਚ ਗੋਲ਼ੀ ਲੱਗ ਗਈ। ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ ਅਤੇ ਵਾਰਦਾਤ ਵਿਚ ਵਰਤੇ ਗਏ ਹਥਿਆਰ ਵੀ ਜਲਦੀ ਬਰਾਮਦ ਕਰ ਲਏ ਜਾਣਗੇ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਦੇ ਬਾਕੀ ਫ਼ਰਾਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।