ਪੇਸਕੋ ਦੇ ਸਾਬਕਾ ਸੈਨਿਕ ਹੁਣ ਸਿਵਲ ਹਸਪਤਾਲ ਦੀ ਸੁਰੱਖਿਆ ਸੰਭਾਲਣਗੇ ਪੇਸਕੋ ਦੇ ਸਾਬਕਾ ਸੈਨਿਕ ਹੁਣ ਸਿਵਲ ਹਸਪਤਾਲ ਦੀ ਸੁਰੱਖਿਆ ਸੰਭਾਲਣਗੇ
Publish Date: Mon, 02 Nov 2026 06:31 PM (IST)
Updated Date: Tue, 03 Nov 2026 04:02 AM (IST)
ਹਸਪਤਾਲ ’ਚ 5 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਸੁਰੱਖਿਆ ਵਿਵਸਥਾ ਨੂੰ ਹੋਰ ਪੁਖ਼ਤਾ ਕਰਨ ਲਈ ਹੁਣ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੇਸਕੋ) ਦੇ ਸਾਬਕਾ ਸੈਨਿਕਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਬ-ਡਵੀਜ਼ਨਲ ਹਸਪਤਾਲਾਂ ’ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਵਿੱਢੀ ਮੁਹਿੰਮ ਤਹਿਤ ਇਹ ਕਦਮ ਚੁੱਕਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਮਓ ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਪੇਸਕੋ ਰਾਹੀਂ 5 ਸੁਰੱਖਿਆ ਕਰਮਚਾਰੀ ਨਿਯੁਕਤ ਕੀਤੇ ਜਾਣਗੇ, ਜਿਸ ਨਾਲ ਹਸਪਤਾਲ ਦਾ ਸੁਰੱਖਿਆ ਘੇਰਾ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਵਿਧਾ ਦੇ ਨਾਲ-ਨਾਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ਦੀ ਸੁਰੱਖਿਆ ਵੀ ਬਹੁਤ ਅਹਿਮ ਹੈ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ’ਚ ਰੋਜ਼ਾਨਾ ਵੱਡੀ ਗਿਣਤੀ ਚ ਮਰੀਜ਼ ਇਲਾਜ ਲਈ ਆਉਂਦੇ ਹਨ ਅਤੇ ਐਮਰਜੈਂਸੀ ਵਿਭਾਗ ’ਚ ਵੀ 24 ਘੰਟੇ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਅਜਿਹੇ ’ਚ ਅੰਦਰੂਨੀ ਅਨੁਸ਼ਾਸਨ ਬਣਾਈ ਰੱਖਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਹੁਣ ਪੇਸਕੋ ਦੇ ਜਵਾਨ ਮਰੀਜ਼ਾਂ ਅਤੇ ਆਉਣ-ਜਾਣ ਵਾਲਿਆਂ ਦੀ ਭੀੜ ਨੂੰ ਸੁਚੱਜੇ ਢੰਗ ਨਾਲ ਨਿਯੰਤਰਿਤ ਕਰਨ, ਅਨੁਸ਼ਾਸਨ ਕਾਇਮ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਤੁਰੰਤ ਕਾਰਵਾਈ ਕਰਨ ’ਚ ਮਦਦਗਾਰ ਸਾਬਤ ਹੋਣਗੇ। ਪੰਜਾਬ ਸਰਕਾਰ ਦੀ ਯੋਜਨਾ ਮੁਤਾਬਕ ਸੂਬੇ ਭਰ ਦੇ 41 ਸਬ-ਡਿਵੀਜ਼ਨਲ ਹਸਪਤਾਲਾਂ ’ਚ ਕੁੱਲ 205 ਸਾਬਕਾ ਸੈਨਿਕਾਂ ਨੂੰ ਸੁਰੱਖਿਆ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ, ਜਿਸ ਤਹਿਤ ਹਰੇਕ ਹਸਪਤਾਲ ਨੂੰ 5-5 ਪੇਸਕੋ ਕਰਮਚਾਰੀ ਮਿਲਣਗੇ। ਹਸਪਤਾਲ ਪ੍ਰਬੰਧਕਾਂ ਅਨੁਸਾਰ ਇਸ ਕਦਮ ਨਾਲ ਹਸਪਤਾਲ ’ਚ ਭੈਅ-ਮੁਕਤ ਤੇ ਸੁਰੱਖਿਅਤ ਮਾਹੌਲ ਬਣੇਗਾ।