ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਆਦਰਸ਼ ਸੋਸ਼ਲ ਵੈਲਫੇਅਰ ਐਜੂਕੇਸ਼ਨਲ ਸੁਸਾਇਟੀ ਗੁਰਦਾਸਪੁਰ (ਪੰਜਾਬ) ਵਲੋਂ ਸਥਾਪਤ ਆਦਰਸ਼

ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਆਦਰਸ਼ ਸੋਸ਼ਲ ਵੈਲਫੇਅਰ ਐਜੂਕੇਸ਼ਨਲ ਸੁਸਾਇਟੀ ਗੁਰਦਾਸਪੁਰ (ਪੰਜਾਬ) ਵਲੋਂ ਸਥਾਪਤ ਆਦਰਸ਼ ਬਿਰਧ ਆਸ਼ਰਮ ਪਿੰਡ ਝਾਖੋਲਾੜੀ ਜ਼ਿਲ੍ਹਾ ਪਠਾਨਕੋਟ ਦੇ ਸੰਸਥਾਪਕ ਅਤੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਵਲੋਂ ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਦਫ਼ਤਰ ਦੀ ਫੇਰੀ ਸਮੇਂ ਸੰਸਥਾ ਵਲੋਂ ਉਨ੍ਹਾਂ ਦੇ ਚੰਡੀਗੜ੍ਹ ਆਉਣ 'ਤੇ ਭਰਵਾਂ ਸੁਆਗਤ ਕੀਤਾ ਗਿਆ।
ਸਭਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਵਲੋਂ ਸਤਨਾਮ ਸਿੰਘ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਵਲੋਂ ਬਿਰਧਾਂ ਲਈ ਸ਼ਾਨਦਾਰ ਕੰਮ ਕਰਨ ਦੀ ਪ੍ਰਸੰਸਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਪਠਾਨਕੋਟ ਦੇ ਇਲਾਕੇ ਵਿਚ ਮਨੁੱਖਤਾ ਦੀ ਸੇਵਾ ਲਈ ਪਿੰਡ ਝਾਖੋਲਾੜੀ ਵਿਚ ਵਧੀਆ ਇਮਾਰਤ ਬਣਾ ਕੇ ਬਿਰਧਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਜਿੱਥੇ ਉਨ੍ਹਾਂ ਨੂੰ ਮੁਫਤ ਰਹਿਣ-ਸਹਿਣ, ਖਾਣ-ਪੀਣ, ਦਵਾਈ ਬੂਟੀ ਅਤੇ ਮਨੋਰੰਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਮੂਹ ਮੈਂਬਰ ਜਿਨ੍ਹਾਂ ਵਿਚ ਪ੍ਰਧਾਨ ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਮੀਤ ਪ੍ਰਧਾਨ ਤੇਜ਼ਾ ਸਿੰਘ ਥੂਹਾ, ਭੁਪਿੰਦਰ ਭਾਗੋਮਾਜਰੀਆ, ਪ੍ਰਰੈਸ ਸਕੱਤਰ ਅਮਰਜੀਤ ਸਿੰਘ ਬਠਲਾਣਾ, ਕੈਸ਼ੀਅਰ ਰਾਜੇਸ਼ ਕੁਮਾਰ ਸ਼ਾਮਲ ਹਨ, ਅਜਿਹੇ ਸਮਾਜ ਭਲਾਈ ਦਾ ਕੰਮ ਕਰਨ ਵਾਲੇ ਸਮਾਜ ਸੇਵੀ 'ਤੇ ਮਾਣ ਕਰਦੇ ਹਨ।
ਇਸ ਮੌਕੇ 'ਤੇ ਸਤਨਾਮ ਸਿੰਘ ਪ੍ਰਧਾਨ ਆਦਰਸ਼ ਸੋਸ਼ਲ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਬਿਰਧ ਆਸ਼ਰਮ ਚਲਾਉਣ ਲਈ ਕਈ ਮੁਸ਼ਕਿਲਾਂ ਨੂੰ ਝੱਲਿਆ ਹੈ ਪਰ ਉਸਦੀ ਕਾਮਯਾਬੀ ਲਈ ਉਨ੍ਹਾਂ ਨੂੰ ਸਫ਼ਲਤਾ ਮਿਲੀ ਹੈ। ਇਸ ਸਮੇਂ ਉਨ੍ਹਾਂ ਕੋਲ ਉਸ ਬਿਰਧ ਘਰ ਵਿਚ 27 ਬਿਰਧਾਂ ਤੋਂ ਇਲਾਵਾ ਬਹੁਤ ਸਾਰੇ ਪ੍ਰਬੰਧਕੀ ਸਟਾਫ ਦੇ ਮੈਂਬਰ ਰਹਿੰਦੇ ਹਨ। ਕੁੱਝ ਦਾਨੀ ਸੱਜਣ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ਲੱਗੇ ਹਨ ਜੋ ਕਿਸੇ ਨਾ ਕਿਸੇ ਵਸਤੂ ਦੇ ਰੂਪ ਵਿਚ ਦਾਨ ਦੇਂਦੇ ਰਹਿੰਦੇ ਹਨ। ਬਹੁਤ ਸਾਰੇ ਬਜ਼ੁਰਗ ਪੜ੍ਹੇ-ਲਿਖੇ ਹੋਣ ਕਾਰਣ ਪੁਸਤਕਾਂ ਪੜ੍ਹਨ ਦੇ ਚਾਹਵਾਨ ਹਨ ਜਿਸਦੀ ਪੂਰਤੀ ਲਈ ਗੋਸਲ ਰਚਿਤ ਪੁਸਤਕਾਂ ਉਨ੍ਹਾਂ ਨੂੰ ਪੜ੍ਹਨ ਲਈ ਦਿੱਤੀਆਂ ਜਾਣਗੀਆਂ ।
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਇਸ ਬਿਰਧ ਆਸ਼ਰਮ ਲਈ ਪੁਸਤਕਾਂ ਦਾ ਵੱਡਾ ਸੈੱਟ ਸਤਨਾਮ ਸਿੰਘ ਰਾਹੀਂ ਭੇਜਿਆ ਗਿਆ, ਜੋ ਪੁਸਤਕਾਂ ਬਿਰਧ ਆਸ਼ਰਮ ਲਈ ਭੇਟ ਕੀਤੀਆਂ ਗਈਆਂ ਉਨ੍ਹਾਂ ਵਿਚ 'ਦਸਮੇਸ਼ ਦੇ ਧਰਮ ਯੁੱਧ', 'ਰੰਗ ਪੰਜਾਬੀ ਵਿਰਸੇ ਦੇ', 'ਆਓ ਗੀਤ ਗਾਈਏ ਰੁੱਖਾਂ ਦੇ', 'ਮੇਰੇ ਚੋਣਵੇਂ ਧਾਰਮਿਕ ਲੇਖ', 'ਵਾਹ! ਸਾਡੇ ਗਦਰੀ ਬਾਬੇ', 'ਇਕ ਸ਼ਾਨ ਪੰਜਾਬੀ ਵਿਰਸੇ ਦੀ', 'ਪੰਜਾਬੀ ਸੱਭਿਆਚਾਰ ਦੀ ਸ਼ਾਨ ਵਿਰਾਸਤੀ ਦਰਵਾਜ਼ੇ', 'ਪੰਜਾਬ ਦੀ ਸ਼ਾਨ-ਪੁਰਾਤਨ ਹਵੇਲੀਆਂ', 'ਦਿਲਚਸਪ ਨਜ਼ਾਰੇ ਪੰਜਾਬੀ ਸੱਭਿਆਚਾਰ ਦੇ', 'ਓਪਨ ਸਕੂਲ ਦਾ ਸਿੱਖਿਆ ਲਈ ਉਤਸ਼ਾਹ', 'ਮੇਰਾ ਲੇਖ ਗੁਲਦਸਤਾ' ਅਤੇ ਬਹੁਤ ਸਾਰੀਆਂ ਬਾਲ ਪੁਸਤਕਾਂ ਸ਼ਾਮਲ ਹਨ। ਬਿਰਧ ਆਸ਼ਰਮ ਦੇ ਪ੍ਰਬੰਧਕ ਸਤਨਾਮ ਸਿੰਘ ਵਲੋਂ ਉਨ੍ਹਾਂ ਦੇ ਬਿਰਧ ਆਸ਼ਰਮ ਨੂੰ ਮੁਫ਼ਤ ਪੁਸਤਕਾਂ ਭੇਟ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਆਸ਼ਰਮ ਦੇ ਬਿਰਧ ਇਨ੍ਹਾਂ ਪੁਸਤਕਾਂ ਦਾ ਪੂਰਾ ਪੂਰਾ ਲਾਭ ਉਠਾਉਣਗੇ।