ਸਿਆਸੀ ਆਗੂਆਂ ਦੇ ਫਲੈਕਸ ਫਾੜ ਕੇ ਡੰਪਿੰਗ ਗਰਾਊਂਡ ਤੇ ਸਟੋਰ ’ਚ ਸੁੱਟੇ ਸਿਆਸੀ ਆਗੂਆਂ ਦੇ ਫਲੈਕਸ ਫਾੜ ਕੇ ਡੰਪਿੰਗ ਗਰਾਊਂਡ ਤੇ ਸਟੋਰ ’ਚ ਸੁੱਟੇ
Publish Date: Mon, 09 Nov 2026 08:26 PM (IST)
Updated Date: Mon, 09 Nov 2026 08:26 PM (IST)
-ਰਾਜਨੀਤਿਕ ਮਤਭੇਦਾਂ ਲਈ ਤਿਉਹਾਰਾਂ ਦੀ ਬਲੀ ਦੇਣਾ ਗਲਤ : ਡਾ. ਆਲੂਵਾਲੀਆ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਹਲਕੇ ’ਚ ਸ਼ਰਾਰਤੀ ਅਨਸਰਾਂ ਵੱਲੋਂ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਲਗਾਏ ਗਏ ਦੀਵਾਲੀ ਦੇ ਵਧਾਈ ਸੰਦੇਸ਼ ਵਾਲੇ ਫਲੈਕਸ ਬੋਰਡਾਂ ਨੂੰ ਫਾੜ ਕੇ ਡੰਪਿੰਗ ਗਰਾਉਂਡ ਅਤੇ ਨਗਰ ਕੌਂਸਲ ਦੇ ਸਟੋਰ ’ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ’ਚ ਲਗਾਏ ਗਏ ਇਨ੍ਹਾਂ ਬੋਰਡਾਂ ਨੂੰ ਨਾ ਸਿਰਫ਼ ਨੁਕਸਾਨ ਪਹੁੰਚਾਇਆ ਗਿਆ, ਸਗੋਂ ਕਈ ਬੋਰਡਾਂ ਨੂੰ ਚੁੱਕ ਕੇ ਡੰਪਿੰਗ ਗਰਾਊਂਡ ’ਚ ਵੀ ਸੁੱਟ ਦਿੱਤਾ ਗਿਆ। ਇਸ ਘਟਨਾ ਨੇ ਖੇਤਰ ਦੇ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ’ਚ ਚਰਚਾ ਛੇੜ ਦਿੱਤੀ ਹੈ। ਇਸ ਘਟਨਾ ’ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਲੂਵਾਲੀਆ ਨੇ ਕਿਹਾ ਕਿ ਦੀਵਾਲੀ ਦੇ ਵਧਾਈ ਬੋਰਡਾਂ ਨੂੰ ਪਾੜਨਾ ਜਾਂ ਕੂੜੇ ਵਿੱਚ ਸੁੱਟਣਾ ਬਹੁਤ ਹੀ ਨਿੰਦਣਯੋਗ ਕਾਰਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਇਸ ਘਟਨਾ ਲਈ ਸਿੱਧੇ ਤੌਰ ’ਤੇ ਕਿਸੇ ਵਿਅਕਤੀ ਜਾਂ ਰਾਜਨੀਤਿਕ ਪਾਰਟੀ ਨੂੰ ਦੋਸ਼ੀ ਨਹੀਂ ਠਹਿਰਾਉਂਦੇ, ਪਰ ਅਜਿਹੀ ਕਰਤੂਤ ਕਰਨ ਵਾਲਿਆਂ ਦੇ ਇਰਾਦੇ ਬਿਲਕੁਲ ਸਹੀ ਨਹੀਂ ਹਨ। ਡਾ. ਆਲੂਵਾਲੀਆ ਨੇ ਆਖਿਆ ਕਿ ਇਹ ਬੋਰਡ ਕਿਸੇ ਰਾਜਨੀਤਿਕ ਵਿਰੋਧ ਜਾਂ ਵਿਵਾਦ ਨੂੰ ਭੜਕਾਉਣ ਲਈ ਨਹੀਂ, ਸਗੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਲਗਾਏ ਗਏ ਸਨ। ਉਨ੍ਹਾਂ ਕਿਹਾ, ‘ਦੀਵਾਲੀ ਰੋਸ਼ਨੀ, ਪਿਆਰ ਅਤੇ ਆਪਸੀ ਸਦਭਾਵਨਾ ਦਾ ਪ੍ਰਤੀਕ ਹੈ। ਇਸ ਨੂੰ ਰਾਜਨੀਤਿਕ ਨਫ਼ਰਤ ਜਾਂ ਆਪਸੀ ਦੁਸ਼ਮਣੀ ਦੀ ਬਲੀ ਨਹੀਂ ਚਾੜ੍ਹਿਆ ਜਾਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਲੋਕਤੰਤਰ ’ਚ ਹਰ ਕਿਸੇ ਨੂੰ ਆਪਣੇ ਵਿਚਾਰ ਅਤੇ ਰਾਜਨੀਤਿਕ ਵਿਰੋਧ ਪ੍ਰਗਟ ਕਰਨ ਦਾ ਅਧਿਕਾਰ ਹੈ, ਪਰ ਤਿਉਹਾਰਾਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਸਤਿਕਾਰ ਕਰਨਾ ਵੀ ਉੱਨਾ ਹੀ ਜ਼ਰੂਰੀ ਹੈ। ਇਸ ਤਰੀਕੇ ਨਾਲ ਕਿਸੇ ਦੀਆਂ ਭਾਵਨਾਵਾਂ ਅਤੇ ਵਧਾਈਆਂ ਨੂੰ ਨੁਕਸਾਨ ਪਹੁੰਚਾਉਣਾ ਅਣਉਚਿਤ ਹੈ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਾਮਲਿਆਂ ਵਿੱਚ ਸਕਾਰਾਤਮਕ ਪਹੁੰਚ ਅਪਣਾਉਣ ਅਤੇ ਸਮਾਜ ਵਿੱਚ ਭਾਈਚਾਰੇ ਦਾ ਸੰਦੇਸ਼ ਫੈਲਾਉਣ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਇਹ ਚਰਚਾ ਅਤੇ ਸਵਾਲ ਛਿੜ ਗਿਆ ਹੈ ਕਿ ਹੁਣ ਤਿਉਹਾਰਾਂ ਦੀਆਂ ਆਪਸੀ ਵਧਾਈਆਂ ਵੀ ਰਾਜਨੀਤਿਕ ਮਤਭੇਦਾਂ ਦੀ ਭੇਟ ਚੜ੍ਹਨ ਲੱਗ ਪਈਆਂ ਹਨ।