ਲੈਹਲੀ ਨੇੜੇ ਝੁੱਗੀ ਨੂੰ ਲੱਗੀ ਅੱਗ, ਸਾਮਾਨ ਸੜ ਕੇ ਸੁਆਹ
ਲੈਹਲੀ ਨੇੜੇ ਝੁੱਗੀ ਨੂੰ ਲੱਗੀ ਅੱਗ, ਸਾਮਾਨ ਸੜ ਕੇ ਸੁਆਹ
Publish Date: Tue, 27 Oct 2026 07:40 PM (IST)
Updated Date: Tue, 27 Oct 2026 07:43 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਲੈਹਲੀ ਨੇੜੇ ਬਣੀ ਇਕ ਝੁੱਗੀ ਵਿਚ ਮੰਗਲਵਾਰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਨ ਅੱਗ ਨੂੰ ਆਸ-ਪਾਸ ਦੀਆਂ ਝੁੱਗੀਆਂ ਤੱਕ ਫੈਲਣ ਤੋਂ ਰੋਕ ਲਿਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੀੜਤ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸ਼ਾਮ ਕਰੀਬ ਪੌਣੇ ਛੇ ਵਜੇ ਉਸ ਨੇ ਆਪਣੀ ਝੁੱਗੀ ਵਿਚ ਅਚਾਨਕ ਅੱਗ ਲੱਗੀ ਦੇਖੀ। ਇਸ ਤੋਂ ਬਾਅਦ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕੌਮੀ ਮਾਰਗ ਤੋਂ ਲੰਘ ਰਹੇ ਲੋਕਾਂ ਨੇ ਤੁਰੰਤ ਡੇਰਾਬੱਸੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਇਸ ਦੌਰਾਨ ਸਥਾਨਕ ਲੋਕਾਂ ਨੇ ਵੀ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਕੁਝ ਹੀ ਸਮੇਂ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚ ਗਈ ਅਤੇ ਅੱਗ ’ਤੇ ਕਾਬੂ ਪਾ ਲਿਆ। ਪੀੜਤ ਅਨੁਸਾਰ ਅੱਗ ਕਾਰਨ ਝੁੱਗੀ ਅੰਦਰ ਪਿਆ ਕੱਪੜਾ ਅਤੇ ਖਾਣ-ਪੀਣ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਲੈਹਲੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।