ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ ਮਹਿਲਾ ਮਜ਼ਦੂਰ ਦੀ ਮੌਤ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ ਮਹਿਲਾ ਮਜ਼ਦੂਰ ਦੀ ਹੋਈ ਮੌਤ
Publish Date: Fri, 30 Oct 2026 07:19 PM (IST)
Updated Date: Fri, 30 Oct 2026 07:22 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਲਾਂਡਰਾਂ ਰੋਡ ’ਤੇ ਨਵੇਂ ਬਣ ਰਹੇ ਇਕ ਰਿਹਾਇਸ਼ੀ ਪ੍ਰੋਜੈਕਟ ਦੀ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ ਇਕ ਪਰਵਾਸੀ ਮਹਿਲਾ ਮਜ਼ਦੂਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਪੰਜ ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ। ਉਸ ਦੀ ਪਛਾਣ ਫੁਲੈਸ਼ਵਰੀ (38) ਪਤਨੀ ਰਾਕੇਸ਼ ਕੁਮਾਰ ਨਾਗੇ ਵਾਸੀ ਛੱਤੀਸਗੜ੍ਹ ਹਾਲ ਵਾਸੀ ਅਰਮਾਨ ਹਾਈਟਸ ਭਾਗੋਮਾਜਰਾ ਵਜੋਂ ਹੋਈ ਹੈ। ਘੜੂਆਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕਾ ਦੀ ਭੈਣ ਦਿਲੇਸ਼ਵਰੀ ਸਾਹੀਸ ਨੇ ਦੱਸਿਆ ਕਿ ਉਹ ਅਤੇ ਉਸ ਦੀ ਭੈਣ ਫੁਲੈਸ਼ਵਰੀ ਬਹੁਮੰਜ਼ਿਲਾ ਪ੍ਰੋਜੈਕਟ ਵਿਚ ਕਈ ਸਾਲਾਂ ਤੋਂ ਮਜ਼ਦੂਰੀ ਦਾ ਕੰਮ ਕਰ ਰਹੀਆਂ ਹਨ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਸ ਦੀ ਭੈਣ ਪ੍ਰੋਜੈਕਟ ਦੀ ਪੰਜਵੀਂ ਮੰਜ਼ਿਲ ’ਤੇ ਸਾਮਾਨ ਢੋਣ ਵਾਲੀ ਮਸ਼ੀਨ ਨਾਲ ਸਾਮਾਨ ਲੈ ਕੇ ਉੱਪਰਲੀ ਮੰਜ਼ਿਲ ’ਤੇ ਜਾ ਰਹੀ ਸੀ ਤਾਂ ਇਸ ਦੌਰਾਨ ਜਦੋਂ ਉਸ ਨੇ ਥੋੜ੍ਹਾ ਅੱਗੇ ਹੋ ਕੇ ਹੇਠਾਂ ਖੜ੍ਹੇ ਵਿਅਕਤੀ ਨੂੰ ਆਵਾਜ਼ ਮਾਰੀ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਪੈਰ ਤਿਲਕਣ ਕਾਰਨ ਉਹ ਪੰਜਵੀਂ ਮੰਜ਼ਿਲ ਤੋਂ ਹੇਠਾਂ ਆ ਡਿੱਗੀ। ਇਸ ਹਾਦਸੇ ’ਚ ਫੁਲੈਸ਼ਵਰੀ ਨੂੰ ਕਾਫ਼ੀ ਸੱਟਾਂ ਲੱਗੀਆਂ, ਜਿਸ ਨੂੰ ਤੁਰੰਤ ਮਾਲਕਾਂ ਦੀ ਸਹਾਇਤਾ ਨਾਲ ਇਲਾਜ ਲਈ ਸਿਵਲ ਹਸਪਤਾਲ ਮੁਹਾਲੀ ਫੇਜ਼-6 ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਵੇਖਣ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਮ੍ਰਿਤਕਾਂ ਦੀ ਭੈਣ ਦਿਲੇਸਵਰੀ ਦੇ ਬਿਆਨਾਂ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਅਨੁਸਾਰ ਸਿਵਲ ਹਸਪਤਾਲ ਖਰੜ ਵਿਖੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।