ਸਿੱਖਿਆ ਬੋਰਡ: ਡੇਲੀਵੇਜ਼ ਮਹਿਲਾ ਮੁਲਾਜ਼ਮਾਂ ਨੇ ਕਾਲੇ ਕੱਪੜੇ ਪਾ ਕੇ ਕੀਤਾ ਰੋਸ ਪ੍ਰਦਰਸ਼ਨ ਸਿੱਖਿਆ ਬੋਰਡ: ਡੇਲੀਵੇਜ਼ ਮਹਿਲਾ ਮੁਲਾਜ਼ਮਾਂ ਨੇ ਕਾਲੇ ਕੱਪੜੇ ਪਾ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 27 Oct 2026 05:48 PM (IST)
Updated Date: Tue, 27 Oct 2026 05:49 PM (IST)
-ਅਧਿਕਾਰੀਆਂ ’ਤੇ ਗਰਭਵਤੀ ਮਹਿਲਾ ਮੁਲਾਜ਼ਮਾਂ ਤੋਂ ਭਾਰੀ ਕੰਮ ਕਰਵਾਉਣ ਦਾ ਦੋਸ਼ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਡੇਲੀਵੇਜ਼ ਮਹਿਲਾ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਕਾਲੇ ਕੱਪੜੇ ਪਾ ਕੇ ਬੋਰਡ ਮੈਨੇਜਮੈਂਟ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਜਾਣਬੁੱਝ ਕੇ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਸਮੂਹ ਡੇਲੀਵੇਜ਼ ਮਹਿਲਾ ਮੁਲਾਜ਼ਮਾਂ ਨੇ ਚੇਅਰਮੈਨ ਦਫ਼ਤਰ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ’ਚ ਸ਼ਾਮਲ ਗੁਰਪ੍ਰੀਤ ਸਿੰਘ, ਕਰਨ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ, ਪ੍ਰੈੱਸ ਸਕੱਤਰ ਤਜਿੰਦਰ ਸਿੰਘ, ਨਛੱਤਰ ਕੌਰ, ਸਤਿੰਦਰ ਕੌਰ, ਮਨਦੀਪ ਕੌਰ, ਮਨਿੰਦਰ ਕੌਰ, ਹੇਮਾ, ਸੁਸ਼ਮਾ ਕੁਮਾਰੀ, ਰਵਨੀਤ ਕੌਰ, ਅਤੇ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਲਗਭਗ 15-20 ਸਾਲਾਂ ਤੋਂ ਡੇਲੀਵੇਜ਼ ਵਰਕਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ, ਲੇਕਿਨ ਹੁਣ ਤੱਕ ਕਿਸੇ ਵੀ ਸਰਕਾਰ ਅਤੇ ਬੋਰਡ ਮੈਨੇਜਮੈਂਟ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਹਾਲਾਂਕਿ ਡੇਲੀਵੇਜ਼ ਮੁਲਾਜ਼ਮਾਂ ਨੂੰ ਪੰਜਾਬ ਦੀ ‘ਆਪ’ ਸਰਕਾਰ ਤੋਂ ਵੱਡੀਆਂ ਆਸਾਂ ਸਨ, ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਚੋਣਾਂ ਸਮੇਂ ਉਨ੍ਹਾਂ ਨੂੰ ਪੱਕੇ ਕਰਨ ਦੀ ਗਰੰਟੀ ਦਿੱਤੀ ਸੀ ਪ੍ਰੰਤੂ ਸਾਢੇ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਹੱਕ ’ਚ ਸਰਕਾਰ ਨੇ ਇਕ ਪੂਣੀ ਵੀ ਨਹੀਂ ਕੱਤੀ। ਜਾਣਕਾਰੀ ਅਨੁਸਾਰ ਡੇਲੀਵੇਜ਼ ਮੁਲਾਜ਼ਮ ਲੰਬੇ ਸਮੇਂ ਤੋਂ ਹੈਲਪਰ, ਕਲਰਕ, ਡਾਟਾ ਐਂਟਰੀ ਅਤੇ ਚਪੜਾਸੀ ਵਜੋਂ ਕੰਮ ਕਰ ਰਹੇ ਹਨ। ਬੀਤੀ 15 ਅਕਤੂਬਰ ਨੂੰ ਬੋਰਡ ਮੈਨੇਜਮੈਂਟ ਵੱਲੋਂ ਕਥਿਤ ਤੌਰ ਤੇ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਲਗਭਗ 160 ਡੇਲੀਵੇਜ਼ ਮੁਲਾਜ਼ਮਾਂ ਨੂੰ 7 ਟੀਮਾਂ ’ਚ ਵੰਡ ਕੇ ਵੱਖ-ਵੱਖ ਸ਼ਾਖ਼ਾਵਾਂ ’ਚ ਪੁਰਾਣਾ ਸਮਾਨ ਚੁੱਕਣ, ਅਲਮਾਰੀਆਂ, ਲੱਕੜ, ਪਖਾਨੇ ਅਤੇ ਸਫ਼ਾਈ ਕਰਵਾਉਣ ਆਦਿ ਗ਼ੈਰ-ਵਾਜਬ ਕੰਮਾਂ ਤੇ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਬੋਰਡ ਵੱਲੋਂ ਬਣਾਈ ਗਈ ਨਵੀਂ ਸੀਜ਼ਨਲ ਪਾਲਿਸੀ 2026 ਨੂੰ ਮੁੱਢੋਂ ਰੱਦ ਕਰਦਿਆਂ ਇਸ ਨੂੰ ਮੁਲਾਜ਼ਮ ਮਾਰੂ ਕਰਾਰ ਦਿੱਤਾ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਨਵੀਂ ਨੀਤੀ ਤੋਂ ਪਹਿਲਾਂ ਉਹ ਆਪਣੀ ਯੋਗਤਾ ਅਨੁਸਾਰ ਹੈਲਪਰ, ਕਲਰਕ, ਪੀਅਨ ਅਤੇ ਡਾਟਾ ਐਂਟਰੀ ਦਾ ਹੀ ਕੰਮ ਕਰਦੇ ਸਨ ਪ੍ਰੰਤੂ, ਜਿਨ੍ਹਾਂ ਮੁਲਾਜ਼ਮਾਂ ਨੇ ਬੋਰਡ ਦੀ ਇਸ ਨੀਤੀ ਨੂੰ ਆਧਾਰ ਨਹੀਂ ਬਣਾਇਆ ਅਤੇ ਇਸ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ, ਉਨ੍ਹਾਂ ਨੂੰ ਬਦਲੇ ਦੀ ਭਾਵਨਾ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਬਜ਼ੁਰਗ ਅਤੇ ਗਰਭਵਤੀ ਮਹਿਲਾ ਮੁਲਾਜ਼ਮਾਂ ਤੋਂ ਭਾਰੀ ਲੱਕੜ ਅਤੇ ਅਲਮਾਰੀਆਂ ਚੁੱਕਣ, ਟਾਇਲਟ ਅਤੇ ਸਫ਼ਾਈ ਕਰਨ ਦੇ ਕੰਮ ’ਤੇ ਲਾਇਆ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਪਹਿਲਾਂ ਵਾਲੀਆਂ ਸੀਟਾਂ (ਕਲਰਕ, ਪੀਅਨ, ਡਾਟਾ ਐਂਟਰੀ, ਹੈਲਪਰ) ਤੇ ਵਾਪਸ ਨਾ ਭੇਜਿਆ ਗਿਆ, ਤਾਂ ਉਹ ਆਉਂਦੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।