ਗੰਨੇ ਦੀ ਫ਼ਸਲ 'ਤੇ ਵੱਧ ਯੂਰੀਆ ਪਾਉਣ ਤੋਂ ਗੁਰੇਜ਼ ਕਰਨ ਕਿਸਾਨ : ਗੰਨਾ ਕਮਿਸ਼ਨਰ ਗੰਨੇ ਦੀ ਫ਼ਸਲ 'ਤੇ ਵੱਧ ਯੂਰੀਆ ਪਾਉਣ ਤੋਂ ਗੁਰੇਜ਼ ਕਰਨ ਕਿਸਾਨ
Publish Date: Tue, 08 Sep 2026 06:22 PM (IST)
Updated Date: Wed, 09 Sep 2026 04:05 AM (IST)
ਕੈਪਸ਼ਨ : ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ। 2ਪੀ * ਵੱਧ ਯੂਰੀਆ ਪਾਉਣ ਨਾਲ ਗੰਨੇ ਚ ਘਟ ਸਕਦੀ ਹੈ ਖੰਡ ਦੀ ਮਾਤਰਾ : ਡਾ. ਅਮਰੀਕ ਸਿੰਘ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੰਨੇ ਦੀ ਫ਼ਸਲ ’ਤੇ ਸਿਫ਼ਾਰਸ਼ ਕੀਤੇ ਸਮੇਂ ਤੋਂ ਬਾਅਦ ਤੇ ਲੋੜ ਤੋਂ ਵੱਧ ਯੂਰੀਆ ਪਾਉਣ ਤੋਂ ਗੁਰੇਜ਼ ਕਰਨ, ਕਿਉਂਕਿ ਇਸ ਨਾਲ ਫ਼ਸਲ ਦੇ ਝਾੜ ਅਤੇ ਖੰਡ ਦੀ ਰਿਕਵਰੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਈ ਕਿਸਾਨ ਝਾੜ ਵਧਾਉਣ ਦੇ ਮੰਤਵ ਨਾਲ ਅਗਸਤ ਮਹੀਨੇ ਤੋਂ ਬਾਅਦ ਵੀ ਗੰਨੇ ਦੀ ਫ਼ਸਲ ’ਚ ਯੂਰੀਆ ਪਾਉਂਦੇ ਹਨ ਪਰ ਅਜਿਹਾ ਕਰਨਾ ਲਾਹੇਵੰਦ ਸਾਬਤ ਨਹੀਂ ਹੁੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗੰਨੇ ਦੇ ਵਧਣ ਸਮੇਂ ਨਵੇਂ ਪੱਤਿਆਂ ਤੇ ਨਵੇਂ ਹਿੱਸਿਆਂ ਨੂੰ ਲੋੜੀਂਦੀ ਖੁਰਾਕ ਪੌਦਾ ਆਪ ਪੁਰਾਣੇ ਪੱਤਿਆਂ ਤੇ ਪੱਕੇ ਹਿੱਸਿਆਂ ਤੋਂ ਪਹੁੰਚਾ ਦਿੰਦਾ ਹੈ, ਇਸ ਲਈ ਸਿਫ਼ਾਰਸ਼ ਕੀਤੇ ਸਮੇਂ ਤੋਂ ਬਾਅਦ ਵਾਧੂ ਯੂਰੀਆ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਰ ਨਾਲ ਵੱਧ ਯੂਰੀਆ ਪਾਉਣ ਨਾਲ ਗੰਨਾ ਤੇਜ਼ੀ ਨਾਲ ਜ਼ਰੂਰ ਵਧਦਾ ਹੈ ਪਰ ਇਸ ਦੇ ਅੰਦਰਲੇ ਹਿੱਸੇ ਨਰਮ ਤੇ ਪਾਣੀ ਵਾਲੇ ਹੋ ਜਾਂਦੇ ਹਨ। ਫ਼ਸਲ ਬਾਹਰੋਂ ਭਾਵੇਂ ਹਰੀ-ਭਰੀ ਦਿਖਾਈ ਦੇਵੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਗੰਨੇ ’ਚ ਖੰਡ ਦੀ ਮਾਤਰਾ ਵੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਪਾਉਣ ਨਾਲ, ਗੰਨੇ ’ਚ ਖੰਡ ਦੀ ਮਾਤਰਾ ਘੱਟ ਸਕਦੀ ਹੈ। ਖੰਡ ਮਿੱਲ ’ਚ ਖੰਡ ਦੀ ਰਿਕਵਰੀ ਘੱਟ ਹੋ ਸਕਦੀ ਹੈ। ਗੰਨਾ ਨਰਮ ਤੇ ਕਮਜ਼ੋਰ ਹੋ ਸਕਦਾ ਹੈ। ਕੀੜਿਆਂ ਦੇ ਹਮਲੇ ਦਾ ਖ਼ਤਰਾ ਵਧ ਸਕਦਾ ਹੈ। ਗੰਨੇ ’ਚ ਵੱਧ ਪਾਣੀ ਤੇ ਘੱਟ ਖੰਡ ਹੋਣ ਕਾਰਨ ਮਿੱਲ ਨੂੰ ਘੱਟ ਖੰਡ ਮਿਲ ਸਕਦੀ ਹੈ। ਉਨ੍ਹਾਂ ਕਿਸਾਨਾਂ ਤੇ ਗੰਨੇ ਦੇ ਕਾਸ਼ਤਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਗੰਨਾ ਹਰਾ ਰੱਖਣ ਦੇ ਲਾਲਚ ’ਚ ਵਾਰ-ਵਾਰ ਯੂਰੀਆ ਨਾ ਪਾਉਣ, ਸਗੋਂ ਯੂਰੀਆ ਦੀ ਵਰਤੋਂ ਸਿਰਫ਼ ਸਿਫ਼ਾਰਸ਼ ਕੀਤੇ ਸਮੇਂ, ਮਾਤਰਾ ਤੇ ਢੰਗ ਅਨੁਸਾਰ ਹੀ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਵੱਧ ਯੂਰੀਆ ਦਾ ਮਤਲਬ ਵੱਧ ਖੰਡ ਨਹੀਂ ਹੁੰਦਾ, ਸਗੋਂ ਦੇਰ ਨਾਲ ਪਾਈ ਗਈ ਵਾਧੂ ਯੂਰੀਆ ਗੰਨੇ ਨੂੰ ਨਰਮ ਕਰ ਕੇ ਖੰਡ ਦੀ ਰਿਕਵਰੀ ਘਟਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਗੇ ਝਾੜ ਦੇ ਨਾਲ-ਨਾਲ ਵਧੀਆ ਖੰਡ ਰਿਕਵਰੀ ਹਾਸਲ ਕਰਨ ਲਈ ਕਿਸਾਨ ਬੇਲੋੜੀ ਅਤੇ ਦੇਰ ਨਾਲ ਯੂਰੀਆ ਪਾਉਣ ਤੋਂ ਬਚਣ।