ਬਾਰਿਸ਼ ਦੇ ਝੰਬੇ ਕਿਸਾਨਾਂ ਵੱਲੋਂ ਨੁਕਸਾਨ ਦੀ ਭਰਪਾਈ ਲਈ ਗੁਹਾਰ ਬਾਰਿਸ਼ ਦੇ ਝੰਬੇ ਕਿਸਾਨਾਂ ਵੱਲੋਂ ਨੁਕਸਾਨ ਦੀ ਭਰਪਾਈ ਲਈ ਗੁਹਾਰ
Publish Date: Mon, 12 Oct 2026 09:02 PM (IST)
Updated Date: Mon, 12 Oct 2026 09:05 PM (IST)
-ਕਿਸਾਨ ਯੂਨੀਅਨ (ਲੱਖੋਵਾਲ) ਨੇ ਗਿਰਦਾਵਰੀ ਕਰਕੇ ਯੋਗ ਮੁਆਵਜ਼ਾ ਦੇਣ ਦੀ ਮੰਗ -ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਦੀਆਂ ਖਸਤਾ-ਹਾਲ ਲਿੰਕ ਸੜਕਾਂ ਦੀ ਫੌਰੀ ਮੁਰੰਮਤ ਕਰੇ ਸਰਕਾਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਸਮੇਤ ਪੰਜਾਬ ਭਰ ਵਿਚ ਐਤਵਾਰ ਨੂੰ ਹੋਈ ਭਰਵੀਂ ਬਾਰਿਸ਼ ਦੇ ਝੰਬੇ ਕਿਸਾਨਾਂ ਨੇ ਝੋਨੇ ਦੀ ਫ਼ਸਲ ਦੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਗੁਹਾਰ ਲਗਾਈ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਜ਼ਿਲ੍ਹਾ ਮੁਹਾਲੀ ਦੀ ਇਕ ਅਹਿਮ ਮੀਟਿੰਗ ਸੋਮਵਾਰ ਨੂੰ ਇਤਿਹਾਸਕ ਗੁਰਦੁਆਰਾ ਫਤਹਿ-ਏ-ਜੰਗ ਚੱਪੜਚਿੜੀ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਦੀ ਅਗਵਾਈ ਹੇਠ ਹੋਈ। ਜਿਸ ਵਿਚ ਕਿਸਾਨਾਂ ਅਤੇ ਇਲਾਕੇ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਚਰਚਾ ਕੀਤੀ। ਜਥੇਬੰਦੀ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਅਤੇ ਇਲਾਕੇ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਨੇ ਕਿਹਾ ਕਿ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਫ਼ਸਲ ਦੇ ਹੋਰ ਨੁਕਸਾਨ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ। ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਗੁਰਮੀਤ ਸਿੰਘ ਖੂੰਨੀ ਮਾਜਰਾ, ਜਸਵੰਤ ਸਿੰਘ ਮਾਣਕ ਮਾਜਰਾ, ਜਸਪਾਲ ਸਿੰਘ ਲਾਂਡਰਾਂ ਅਤੇ ਹੋਰਨਾਂ ਨੇ ਕਿਹਾ ਕਿ ਜ਼ਮੀਨ ਦੀ ਵੰਡ ਸਮੇਂ ਜੇਕਰ ਕੋਈ ਕਨੈਕਸ਼ਨ ਬਾਕੀ ਰਹਿ ਗਿਆ ਹੈ, ਤਾਂ ਉਸ ਦਾ ਸਬੰਧਤ ਕਿਸਾਨਾਂ ਨੂੰ ਬਿਜਲੀ ਕਨੈਕਸ਼ਨ ਤੁਰੰਤ ਦਿੱਤਾ ਜਾਵੇ। ਕਣਕ ਦੇ ਭਾਅ ’ਚ ਸਿਰਫ਼ 25 ਰੁਪਏ ਦੇ ਕੀਤੇ ਗਏ ਮਾਮੂਲੀ ਵਾਧੇ ਦੀ ਕਿਸਾਨ ਜਥੇਬੰਦੀ ਨੇ ਸਖ਼ਤ ਨਿਖੇਧੀ ਅਤੇ ਵਿਰੋਧ ਕੀਤਾ। ਕਿਸਾਨਾਂ ਨੇ ਮੰਗ ਕੀਤੀ ਕਿ ਮੁਹਾਲੀ ਜ਼ਿਲ੍ਹੇ ਦੀਆਂ ਖਸਤਾ-ਹਾਲ ਸੜਕਾਂ ਦੀ ਫੌਰੀ ਮੁਰੰਮਤ ਕੀਤੀ ਜਾਵੇ, ਕਿਉਂਕਿ ਮੌਜੂਦਾ ਸਮੇਂ ਵਿਚ ਜ਼ਿਆਦਾਤਰ ਸੜਕਾਂ ਟੁੱਟੀਆਂ ਹੋਣ ਕਾਰਨ ਜਿੱਥੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਵਿਚ ਲਿਆਉਣ ਲਈ ਦਿੱਕਤ ਹੋ ਰਹੀ ਹੈ, ਉੱਥੇ ਇਲਾਕੇ ਦੇ ਲੋਕਾਂ ਅਤੇ ਹੋਰਨਾਂ ਰਾਹਗੀਰਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਦਰਸ਼ਨ ਸਿੰਘ ਦੁਰਾਲੀ, ਅਮਰੀਕ ਸਿੰਘ ਤੋਲੇਮਾਜਰਾ, ਕੁਲਦੀਪ ਸਿੰਘ ਕੁਰੜੀ, ਮਲਕੀਤ ਸਿੰਘ ਦੁਰਾਲੀ, ਸੁਖੀ ਤੰਗੋਰੀ, ਕੁਲਵੰਤ ਸਿੰਘ ਚਿੱਲਾ, ਸੰਦੀਪ ਰਾਣਾ, ਗੁਰਮੀਤ ਸਿੰਘ ਮਜਾਤੜੀ, ਗੁਰਤੇਜ ਸਿੰਘ, ਗੁਰਨਾਮ ਸਿੰਘ ਦੱਪਰ, ਬਲਜੀਤ ਸਿੰਘ, ਬਹਾਦਰ ਸਿੰਘ ਮੀਆਂਪੁਰ, ਰਣਜੀਤ ਸਿੰਘ ਬਜਹੇੜੀ, ਜਸਮੇਰ ਸਿੰਘ ਦੁਰਾਲੀ ਅਤੇ ਜਰਨੈਲ ਸਿੰਘ ਘੜੂੰਆਂ ਵੀ ਹਾਜ਼ਰ ਸਨ।