- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੌਸਲੇ ਬੁਲੰਦ: ਮੰਗਾਂ ਲਈ ਤੇਜ਼ ਬਾਰਿਸ਼ ’ਚ ਵੀ ਸੜਕਾਂ ’ਤੇ ਡਟੇ ਰਹੇ ਕਿਸਾਨ

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁਹਾਲੀ-ਚੰਡੀਗੜ੍ਹ ਦੀ ਸਰਹੱਦ 'ਤੇ ਲਗਾਏ ਗਏ ਪੱਕੇ ਮੋਰਚੇ ਦੇ ਪੰਜਵੇਂ ਦਿਨ (5 ਸਤੰਬਰ) ਨੂੰ ਖਰਾਬ ਮੌਸਮ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਬੀਤੇ ਕੱਲ੍ਹ ਤੇਜ਼ ਬਾਰਿਸ਼ ਦੇ ਝੰਬੇ ਕਿਸਾਨਾਂ ਨੇ ਅੱਜ ਸਵੇਰੇ ਧੁੱਪ ਨਿਕਲਣ ’ਤੇ ਸਟੇਜ ਦੀ ਕਾਰਵਾਈ ਚਲਾਈ ਗਈ ਸੀ ਲੇਕਿਨ ਸ਼ਨਿਚਰਵਾਰ ਨੂੰ ਬਾਅਦ ਦੁਪਿਹਰ ਡਾਢੇ ਤਿੰਨ ਕੁ ਵਜੇ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਜਿਸ ਕਾਰਨ ਅੱਜ ਫਿਰ ਤੋਂ ਕਿਸਾਨਾਂ ਦੇ ਸਾਰੇ ਕੱਪੜੇ ਅਤੇ ਗੱਦੇ ਭਿੱਜ ਗਏ ਅਤੇ ਰਾਸ਼ਨ ਵੀ ਖ਼ਰਾਬ ਹੋ ਗਿਆ। ਲੱਕੜ ਬਾਲਣ ਵੀ ਭਿੱਜ ਗਿਆ। ਜਿਸ ਕਾਰਨ ਕਿਸਾਨਾਂ ਨੂੰ ਦੋਹਰੀ ਤੀਹਰੀ ਮਾਰ ਝੱਲਣੀ ਪੈ ਰਹੀ ਹੈ। ਲੇਕਿਨ ਇਸ ਸਭ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਪਹਿਲਾਂ ਨਾਲੋਂ ਵੀ ਵੱਧ ਬੁਲੰਦ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ, ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ, ਬਲਾਕ ਪ੍ਰਧਾਨ ਗੁਰਮੀਤ ਸਿੰਘ ਖੂੰਨੀਮਾਜਰਾ ਅਤੇ ਹੋਰਨਾਂ ਕਿਸਾਨਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਤੇਜ਼ ਬਾਰਿਸ਼ ਧਰਨਾਕਾਰੀ ਕਿਸਾਨਾਂ ਨੂੰ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਕਾਰਨ ਟਰਾਲੀਆਂ 'ਚ ਵਿਛਾਏ ਗੱਦੇ ਪੂਰੀ ਤਰ੍ਹਾਂ ਭਿੱਜ ਗਏ ਹਨ। ਕਿਸਾਨਾਂ ਵੱਲੋਂ ਸੁੱਕਣੇ ਪਾਏ ਗਏ ਕੱਪੜੇ ਅਤੇ ਬਿਸਤਰੇ ਅੱਜ ਮੁੜ ਬਾਰਿਸ਼ ਦੇ ਪਾਣੀ ਨਾਲ ਗਿੱਲੇ ਹੋ ਗਏ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਤਾਂ ਅੰਨਦਾਤਾ ਦਾ ਇਮਤਿਹਾਨ ਲੈ ਹੀ ਰਹੀਆਂ ਹਨ ਪ੍ਰੰਤੂ ਹੁਣ ਮੌਸਮ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਮੌਸਮ ਦੀ ਬੇਰੁਖੀ ਤੋਂ ਡਰਨ ਜਾਂ ਘਬਰਾਉਣ ਵਾਲੇ ਨਹੀਂ ਹਨ। ਔਕਤਾਂ ਦਾ ਟਾਕਰਾ ਕਰਨਾ ਉਨ੍ਹਾਂ ਨੇ ਆਪਣੇ ਪੁਰਖ਼ਿਆਂ ਤੋਂ ਸਿੱਖਿਆ ਹੈ ਅਤੇ ਜਿਹੜੀ ਚੀਜ਼ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ ਹੈ। ਉਹ ਉਸ ਨੂੰ ਢਾਲ ਬਣਾ ਕੇ ਹਰ ਮੁਸੀਬਤ ਦਾ ਸਾਹਮਣਾ ਕਰਨਗੇ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਜਾਵੇਗਾ।
====
ਲੰਗਰਾਂ ਦੀ ਸੇਵਾ
ਉਧਰ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਜ਼ਿਲ੍ਹਾ ਸੰਗਰੂਰ ਦੀ ਟੀਮ ਅੱਜ ਰਾਸ਼ਨ, ਦੁੱਧ ਅਤੇ ਹਰੀਆਂ ਤੇ ਤਾਜ਼ੀਆਂ ਸਬਜ਼ੀਆਂ ਲੈ ਕੇ ਮੁਹਾਲੀ ਧਰਨੇ ਵਿਚ ਪਹੁੰਚੀ। ਰਾਜੇਵਾਲ ਗਰੁੱਪ ਵੱਲੋਂ ਸੂਬਾ ਸਕੱਤਰ ਪਰਮਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਅਤੇ ਲੱਖੋਵਾਲ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ, ਬਲਾਕ ਪ੍ਰਧਾਨ ਗੁਰਮੀਤ ਸਿੰਘ ਖੂੰਨੀਮਾਜਰਾ ਵੱਲੋਂ ਵੱਖੋ-ਵੱਖਰੇ ਲੰਗਰਾਂ ਦੀ ਸੇਵਾ ਸੰਭਾਲੀ ਜਾ ਰਹੀ ਹੈ। ਇਸ ਤੋਂ ਇਲਾਵਾ ਸਥਾਨਕ ਲੋਕਾਂ ਵੱਲੋਂ ਵੀ ਆਪਣੇ ਪੱਧਰ ’ਤੇ ਇਨਸਾਨੀਅਤ ਦੇ ਨਾਤੇ ਧਰਨਾਕਾਰੀ ਕਿਸਾਨਾਂ ਲਈ ਦੁੱਧ, ਖੀਰ, ਲੱਸੀ ਅਤੇ ਮਿਨਰਲ ਵਾਟਰ ਦੇ ਲੰਗਰ ਲਗਾਏ ਜਾ ਰਹੇ ਹਨ। ਨੇੜਲੇ ਘਰਾਂ ਨੇ ਵੀ ਕਿਸਾਨ ਬੀਬੀਆਂ ਨੂੰ ਕੱਪੜੇ ਧੌਣ ਅਤੇ ਨਹਾਉਣ ਅਤੇ ਕੱਪੜੇ ਬਦਲਣ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਮ ਨਾਗਰਿਕਾਂ ਦੇ ਇਸ ਸਮਰਥਨ ਦੇ ਕਿਸਾਨਾਂ ਦੇ ਹੌਸਲੇ ਹੋਰ ਵੀ ਬੁਲੰਦ ਕਰ ਦਿੱਤੇ ਹਨ।
===
ਸ਼ਾਤਮਈ ਰੋਸ ਪ੍ਰਗਟਾਵਾ ਕੀਤਾ
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵੱਲੋਂ ਅੱਜ ਪੰਜਵੇਂ ਦਿਨ ਖਰਾਬ ਮੌਸਮ ਦੇ ਬਾਵਜੂਦ ਤਿੰਨ ਘੰਟੇ ਸਟੇਜ ਦੀ ਕਾਰਵਾਈ ਚਲਾਈ ਗਈ ਅਤੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਵਰ੍ਹਦੇ ਮੀਂਹ ਵਿਚ ਮੁਹਾਲੀ ਏਅਰਪੋਰਟ ਸੜਕ ’ਤੇ ਇਤਿਹਾਸਕ ਸਿੰਘ ਸ਼ਹੀਦਾਂ ਸੋਹਾਣਾ ਸਮੇਤ ਇਸ ਮਾਰਗ ’ਤੇ ਵੱਖ-ਵੱਖ ਚੌਕਾਂ ’ਤੇ ਸੜਕ ਕਿਨਾਰੇ ਖੜੇ ਹੋ ਕੇ ਸ਼ਾਤਮਈ ਰੋਸ ਪ੍ਰਗਟਾਵਾ ਕੀਤਾ। ਕਿਸਾਨਾਂ ਨੇ ਆਪਣੇ ਹੱਥਾਂ ਵਿਚ ਕਿਸਾਨੀ ਮੰਗਾਂ ਬਾਬਤ ਬੈਨਰ, ਝੰਡੇ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ।
ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਜਿੰਨੇ ਦਿਨ ਵੀ ਚੰਡੀਗੜ੍ਹ ਮੋਰਚਾ ਚੱਲੇਗਾ। ਓਨੇ ਦਿਨ ਮੁਹਾਲੀ ਵਿਚ ਰੋਜ਼ਾਨਾ ਸ਼ਾਮ ਸਮੇਂ 5 ਵਜੇ ਤੋਂ 7 ਵਜੇ ਤੱਕ ਸੜਕਾਂ ਕਿਨਾਰੇ ਖੜੇ ਹੋ ਕੇ ਸ਼ਾਂਤਮਈ ਰੋਸ ਪ੍ਰਗਟਾਵਾ ਕੀਤਾ ਜਾਵੇਗਾ। ਇਸ ਦੌਰਾਨ ਸ਼ਹਿਰ ਵਾਸੀਆਂ ਸਮੇਤ ਰਾਹਗੀਰਾਂ ਨੂੰ ਆਪਣੀਆਂ ਮੰਗਾਂ ਅਤੇ ਸਮੇਂ ਦੀਆਂ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਦੌਰਾਨ ਆਪਣਾ ਸਮਰਥਨ ਦੇਣ ਲਈ ਪ੍ਰੇਰਿਆ ਜਾਵੇਗਾ ਤਾਂ ਜੋ ਸਰਕਾਰਾਂ ਨੂੰ ਕਿਸਾਨੀ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ।