ਕਿਸਾਨਾਂ ਵੱਲੋਂ ਬਿਜਲੀ ਬੋਰਡ ਖਰੜ ਸਥਿਤ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕਿਸਾਨਾਂ ਵੱਲੋਂ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਰੋਸ ਪ੍ਰਦਰਸ਼ਨ,
Publish Date: Mon, 14 Sep 2026 06:28 PM (IST)
Updated Date: Mon, 14 Sep 2026 06:29 PM (IST)
- ਸੰਯੁਕਤ ਕਿਸਾਨ ਮੋਰਚਾ ਸੱਦੇ ’ਤੇ ਐਕਸੀਅਨ ਖਰੜ ਨੂੰ ਦਿੱਤਾ ਮੰਗ ਪੱਤਰ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਸੱਦੇ ਤੇ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਦੁਖੀ ਹੋ ਕੇ ਬਿਜਲੀ ਬੋਰਡ ਦੇ ਖਰੜ ਸਥਿਤ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਨੇ ਦੱਸਿਆ ਕਿ ਵੱਡੀ ਗਿਣਤੀ ਕਿਸਾਨਾਂ ਵੱਲੋਂ ਅੱਜ ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਸੁਣਨ ਲਈ ਆਏ ਬਿਜਲੀ ਬੋਰਡ ਦੇ ਐਕਸੀਅਨ ਨੂੰ ਉਨ੍ਹਾਂ ਮੰਗ ਪੱਤਰ ਦਿੱਤਾ। ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਫ਼ਸਲ ਦੇ ਬਦਲਾਅ ਨੂੰ ਮੁੱਖ ਰੱਖਦੇ ਹੋਏ ਗੰਨੇ ਅਤੇ ਹੋਰ ਫ਼ਸਲਾਂ ਲਈ ਪਾਣੀ ਦੀ ਜ਼ਰੂਰਤ ਹੈ, ਜਿਸ ਨੂੰ ਯਕੀਨੀ ਬਣਾਉਣ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਦੇਰੀ ਨਾਲ ਲਗਾਉਣ ਕਾਰਨ ਇਸ ਸਮੇਂ ਫ਼ਸਲ ਨੂੰ ਪਾਣੀ ਦੀ ਬਹੁਤ ਲੋੜ ਹੈ। ਜਿਸ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਕਿਉਂਕਿ ਇਸ ਸਮੇਂ ਬਹੁਤ ਜ਼ਿਆਦਾ ਬਿਜਲੀ ਕੱਟ ਲੱਗਣ ਕਾਰਨ ਫ਼ਸਲ ਦਾ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਲਗਦੇ ਕੱਟਾਂ ਕਾਰਨ ਆਮ ਸ਼ਹਿਰੀ ਅਤੇ ਪੇਂਡੂ ਨਿਵਾਸੀਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪੇਂਡੂ ਅਤੇ ਸ਼ਹਿਰੀ ਖੇਤਰ ’ਚ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵੱਲੋਂ ਪਿੰਡਾਂ ਵਿਚ ਜ਼ਬਰਦਸਤੀ ਚਿੱਪ ਵਾਲੇ ਨਵੇਂ ਮੀਟਰ ਨਾ ਲਗਾਏ ਜਾਣ, ਜਿਨ੍ਹਾਂ ਦਾ ਕਿਸਾਨ ਯੂਨੀਅਨ ਤੇ ਆਮ ਲੋਕ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਬੋਰਡ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਬਿਜਲੀ ਬੋਰਡ ਦੀ ਹੋਵੇਗੀ। ਇਸ ਮੌਕੇ ਬਿਜਲੀ ਬੋਰਡ ਦੇ ਐਕਸੀਅਨ ਅਮਨਪ੍ਰੀਤ ਸਿੰਘ ਮਾਵੀ ਨੇ ਮੰਗ ਪੱਤਰ ਲੈਂਦਿਆਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਜਾਇਜ਼ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਬਲਵੰਤ ਸਿੰਘ ਰੁੜਕੀ, ਲਵਰਿੰਦਰ ਸਿੰਘ ਸਿੱਲ, ਗੁਰਮੁਖ ਸਿੰਘ ਨਿਊ ਲਾਂਡਰਾਂ, ਸੁਖਦੇਵ ਸ਼ਰਮਾ, ਸ਼ਿਵ ਕੁਮਾਰ, ਰਣਜੀਤ ਸਿੰਘ, ਸਵਰਨ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ ਸੋਤਲ, ਸ਼ੇਰ ਸਿੰਘ ਚੋਲਟਾ ਖੁਰਦ, ਜਗਦੀਸ਼ ਸਿੰਘ ਮਦਨਹੇੜੀ, ਹਰਦੀਪ ਸਿੰਘ ਰੋੜਾ, ਹਰਿੰਦਰ ਸਿੰਘ ਦੁਬਾਲੀ, ਦਿਲਬਾਗ ਸਿੰਘ, ਸਤਨਾਮ ਸਿੰਘ ਘੜੂਆਂ, ਕੁਲਵੰਤ ਸਿੰਘ ਰੁੜਕੀ, ਬਲਜੀਤ ਸਿੰਘ ਜਗੀਰਦਾਰ ਤੇ ਹੋਰ ਮੌਜੂਦ ਸਨ।