ਮੁਲਾਜ਼ਮਾਂ ਦੇ ਹੱਕ 'ਚ ਨਿੱਤਰੀਆਂ ਕਿਸਾਨ ਜਥੇਬੰਦੀਆਂ ਤੇ ਟਰੇਡ ਯੂਨੀਅਨਾਂ, ਭਲਕੇ ਵੱਡੇ ਪ੍ਰਦਰਸ਼ਨ ਦਾ ਐਲਾਨ ਡੇਰਾਬੱਸੀ ਵਿਖੇ ਸੁਖਮਨੀ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਨੌਕਰੀ ਤੋਂ ਕੱਢੇ ਗਏ ਮਿਹਨਤਕਸ਼ ਮੁਲਾਜ਼ਮਾਂ ਦੀ ਬਹਾਲੀ ਲਈ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਨੇ ਇਕ ਅਹਿਮ ਸਾਂਝੀ ਕਨਵੈਨਸ਼ਨ ਕੀਤੀ। ਇਸ ਬੈਠਕ ਵਿਚ ਆਗੂਆਂ ਨੇ ਪਿਛਲੇ 5 ਮਹੀਨਿਆਂ ਤੋਂ ਅੱਤ ਦੀ ਗਰਮੀ 'ਚ ਧਰਨੇ 'ਤੇ ਬੈਠੇ ਮੁਲਾਜ਼ਮਾਂ ਦੀ ਦੁਰਦਸ਼ਾ 'ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਪੰਜਾਬ ਸਰਕਾਰ, ਲੇਬਰ ਕਮਿਸ਼ਨਰ ਤੇ ਸਕੂਲ ਪ੍ਰਬੰਧਕਾਂ ਦੀ ਚੁੱਪੀ ਨੂੰ ਸ਼ਰਮਨਾਕ ਕਰਾਰ ਦਿੱਤਾ।
Publish Date: Sun, 26 Jul 2026 11:29 AM (IST)
Updated Date: Sun, 26 Jul 2026 11:31 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਵਿਖੇ ਸੁਖਮਨੀ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਨੌਕਰੀ ਤੋਂ ਕੱਢੇ ਗਏ ਮਿਹਨਤਕਸ਼ ਮੁਲਾਜ਼ਮਾਂ ਦੀ ਬਹਾਲੀ ਲਈ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਨੇ ਇਕ ਅਹਿਮ ਸਾਂਝੀ ਕਨਵੈਨਸ਼ਨ ਕੀਤੀ। ਇਸ ਬੈਠਕ ਵਿਚ ਆਗੂਆਂ ਨੇ ਪਿਛਲੇ 5 ਮਹੀਨਿਆਂ ਤੋਂ ਅੱਤ ਦੀ ਗਰਮੀ 'ਚ ਧਰਨੇ 'ਤੇ ਬੈਠੇ ਮੁਲਾਜ਼ਮਾਂ ਦੀ ਦੁਰਦਸ਼ਾ 'ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਪੰਜਾਬ ਸਰਕਾਰ, ਲੇਬਰ ਕਮਿਸ਼ਨਰ ਤੇ ਸਕੂਲ ਪ੍ਰਬੰਧਕਾਂ ਦੀ ਚੁੱਪੀ ਨੂੰ ਸ਼ਰਮਨਾਕ ਕਰਾਰ ਦਿੱਤਾ।
ਆਗੂਆਂ ਨੇ ਦੱਸਿਆ ਕਿ ਪੰਜ ਮਹੀਨਿਆਂ ਤੋਂ ਰੁਜ਼ਗਾਰ ਖੁਸਣ ਕਾਰਨ ਪੀੜਤ ਕਿਰਤੀਆਂ ਦੇ ਪਰਿਵਾਰ ਭੁੱਖਮਰੀ ਦੇ ਕੰਢੇ 'ਤੇ ਪਹੁੰਚ ਚੁੱਕੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਤੇ ਘਰ ਦਾ ਗੁਜ਼ਾਰਾ ਚਲਾਉਣਾ ਅਸੰਭਵ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਰਤ ਵਿਭਾਗ ਅਤੇ ਸਰਕਾਰ ਦਾ ਰਵੱਈਆ ਬੇਹੱਦ ਸੰਵੇਦਨਹੀਣ ਹੈ ਅਤੇ ਸਕੂਲ ਮੈਨੇਜਮੈਂਟ ਖ਼ਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸੰਘਰਸ਼ੀ ਜਥੇਬੰਦੀਆਂ ਵਿਚ ਭਾਰੀ ਰੋਸ ਹੈ।
ਸਰਕਾਰ ਦੀ ਚੁੱਪੀ ਅਤੇ ਸਕੂਲ ਮੈਨੇਜਮੈਂਟ ਦੀ ਧੱਕੇਸ਼ਾਹੀ ਖ਼ਿਲਾਫ਼ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 27 ਜੁਲਾਈ ਨੂੰ ਸਕੂਲ/ਕਾਲਜ ਦੇ ਬਾਹਰ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੌਰਾਨ ਸਕੂਲ ਪ੍ਰਬੰਧਕ ਰਸ਼ਪਾਲ ਦਾ ਪੁਤਲਾ ਫੂਕਿਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਮਸਲਾ ਨਾ ਹੱਲ ਹੋਇਆ, ਤਾਂ ਮੌਕੇ 'ਤੇ ਹੀ ਅਜਿਹਾ ਤਿੱਖਾ ਐਕਸ਼ਨ ਲਿਆ ਜਾਵੇਗਾ, ਜਿਸ ਨੂੰ ਸੰਭਾਲਣਾ ਸਰਕਾਰ ਅਤੇ ਪ੍ਰਬੰਧਕਾਂ ਲਈ ਮੁਸ਼ਕਲ ਹੋ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਸੂਬਾ ਮੀਤ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਵਿਨੋਦ ਚੁੱਘ ਸੂਬਾ ਮੀਤ ਪ੍ਰਧਾਨ ਪੰਜਾਬ ਏਟਕ, ਰਣਜੀਤ ਸਿੰਘ ਰਾਣਾ ਬਲਾਕ ਪ੍ਰਧਾਨ, ਬੀਕੇਯੂ ਲੱਖੋਵਾਲ, ਅਤਿੰਦਰ ਸਿੰਘ ਆਗੂ, ਬੀਕੇਯੂ ਕਾਦੀਆਂ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪਾਲ ਸਿੰਘ ਦੱਪਰ, ਹਰੀ ਸਿੰਘ ਬੋਹੜਾ ਆਗੂ ਕੁੱਲ ਹਿੰਦ ਕਿਸਾਨ ਸਭਾ, ਕਾਮਰੇਡ ਬੈਜਨਾਥ ਆਗੂ, ਸੀਟੂ, ਹਰਵਿੰਦਰ ਸਿੰਘ, ਸੋਮਨਾਥ ਆਗੂ ਨਗਰ ਕੌਂਸਲ ਸਫਾਈ ਕਰਮਚਾਰੀ ਯੂਨੀਅਨ ਡੇਰਾਬੱਸੀ, ਕਮਲਜੀਤ ਸਿੰਘ ਅਤੇ ਬਲਜੀਤ ਸਿੰਘ ਸਮੇਤ ਅਨੇਕਾਂ ਪਤਵੰਤੇ ਸੱਜਣ ਮੌਜੂਦ ਸਨ।