ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ
Publish Date: Sat, 19 Sep 2026 06:04 PM (IST)
Updated Date: Sun, 20 Sep 2026 04:05 AM (IST)
ਫੋਟੋ ਕੈਪਸ਼ਨ: ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ। 12ਪੀ ਫੋਟੋ ਕੈਪਸ਼ਨ: ਐਸਪੀ ਦੀਪਕਾ ਸੇਖ਼ੋ ਨੂੰ ਮੰਗ ਪੱਤਰ ਦਿੰਦੇ ਹੋਏ ਇਲਾਕੇ ਕਿਸਾਨ। 13ਪੀ * ਕਿਸਾਨਾਂ ਨੇ ਐੱਸਪੀ ਦੀਪਕਾ ਸੇਖ਼ੋ ਨੂੰ ਦਿੱਤਾ ਮੰਗ ਪੱਤਰ, ਮਿਲਿਆ ਕਾਰਵਾਈ ਦਾ ਭਰੋਸਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਗੁਲਜ਼ਾਰ ਸਿੰਘ ਦੀ ਮੌਤ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਕਨਵੀਨਰ ਜਸਵਿੰਦਰ ਸਿੰਘ ਟਵਾਣਾ ਦੀ ਅਗਵਾਈ ਹੇਠ ਅੱਜ ਮੁਹਾਲੀ ਵਿਖੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਐੱਸਪੀ ਦੀਪਕਾ ਸੇਖ਼ੋ ਨੇ ਕਿਸਾਨਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ ਤੇ ਕਾਰਵਾਈ ਦਾ ਭਰੋਸਾ ਦਿੱਤਾ। ਕਿਸਾਨ ਆਗੂ ਗਿਆਨ ਸਿੰਘ ਧੜਾਕ, ਪ੍ਰੇਮ ਰਾਣਾ, ਗੁਰਿੰਦਰ ਸਿੰਘ ਮਲਕਪੁਰ, ਤਰਲੋਚਨ ਸਿੰਘ ਨੰਡਿਆਲੀ, ਜਸਪਾਲ ਸਿੰਘ ਭਾਂਖਰਪੁਰ, ਰਜਿੰਦਰ ਸਿੰਘ ਮੱਕੜਾਂ, ਜੱਸੀ ਘੜੂੰਆਂ, ਦਿਲਬਾਗ ਸਿੰਘ ਭਾਗੋਮਾਜਰਾ, ਕੁਲਦੀਪ ਰਾਣਾ ਲਾਲੜੂ ਨੇ ਕਿਹਾ ਕਿ ਪੰਜਾਬ ਪੁਲਿਸ ਦੀਆਂ ਵਧੀਕੀਆਂ ਲਗਾਤਾਰ ਵਧ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦੌਰਾਨ ਦੂਰ ਕੋਠੇ ’ਤੇ ਚੜ੍ਹ ਕੇ ਨਸ਼ਿਆਂ ਵਿਰੁੱਧ ਕਾਲਾ ਕੱਪੜਾ ਦਿਖਾਉਣ ’ਤੇ ਪੁਲਿਸ ਨੇ ਜੋ ਜ਼ੁਲਮ ਢਾਹਿਆ ਗਿਆ, ਉਹ ਸਹਿਣਯੋਗ ਨਹੀਂ ਹੈ। ਗੁਲਜ਼ਾਰ ਸਿੰਘ ਨੂੰ ਨਸ਼ਿਆਂ ਵਿਰੁੱਧ ਬੋਲਣ ਕਾਰਨ ਆਪਣੀ ਜਾਨ ਤੱਕ ਗਵਾਉਣੀ ਪਈ ਹੈ। ਕਿਸਾਨਾਂ ਨੇ ਪੁਲਿਸ ਵਧੀਕੀਆਂ ਨੂੰ ਨੱਥ ਪਾਉਣ ਤੇ ਨਸ਼ਾ ਰੋਕਣ ਦੀ ਮੰਗ ਕੀਤੀ ਤਾਂ ਜੋ ਲੋਕ ਸੁਰੱਖਿਅਤ ਮਾਹੌਲ ’ਚ ਜੀਅ ਸਕਣ। ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਹੋ ਗਈ ਸੀ ਪਰ ਐਤਕੀ ਅਗੇਤਾ ਝੋਨਾ ਲੱਗਣ ਕਰਕੇ ਝੋਨਾ ਮੰਡੀਆਂ ’ਚ ਆ ਚੁੱਕਾ ਹੈ ਲੇਕਿਨ ਹੁਣ ਤੱਕ ਖਰੀਦ ਸ਼ੁਰੂ ਨਹੀਂ ਹੋਈ। ਖੰਡ ਦਾ ਭਾਅ ਵਧਣ ਨਾਲ ਵਪਾਰੀ ਨੂੰ ਫਾਇਦਾ ਹੋਇਆ। ਉਨ੍ਹਾਂ ਗੰਨੇ ਦਾ ਭਾਅ 600 ਰੁਪਏ ਕੁਇੰਟਲ ਦੇਣ ਦੀ ਮੰਗ ਕੀਤੀ, ਐਵਰੇਜ ਰੀਡਿੰਗ ਨਾਲ ਭੇਜੇ ਬਿਜਲੀ ਬਿੱਲ ਮੁਆਫ਼ ਕੀਤੇ ਜਾਣ। ਮੀਂਹ ਘੱਟ ਪੈਣ ਕਰਕੇ ਝੋਨਾ ਪਾਲਣ ਲਈ ਕਿਸਾਨਾਂ ਨੂੰ ਜਨਰੇਟਰ ਦਾ ਸਹਾਰਾ ਲੈਣਾ ਪਿਆ ਹੈ। ਲਿਹਾਜ਼ਾ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਝੋਨੇ ’ਤੇ ਬੋਨਸ ਦਿੱਤਾ ਜਾਵੇ। ਕਿਸਾਨਾਂ ਨੇ ਮੰਗ ਕੀਤੀ ਕਿ ਕਣਕ ਦੀ ਬਿਜਾਈ ਲਈ ਡੀਏਪੀ ਅਤੇ ਯੂਰੀਆ ਖਾਦ ਦਾ ਅਗਾਊਂ ਪ੍ਰਬੰਧ ਕਰਨ ਦੀ ਗੁਹਾਰ ਲਗਾਈ। ਨੈਸ਼ਨਲ ਬੈਂਕਾਂ ਦੀ ਵਾਂਗ ਪੀਏਡੀਵੀ ਬੈਂਕ ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇ ਅਤੇ ਕਰਜ਼ੇ ਸਬੰਧੀ ਕਿਸਾਨਾਂ ਤੋਂ ਲਏ ਖਾਲੀ ਚੈੱਕ ਵਾਪਸ ਕੀਤੇ ਜਾਣ।