ਕਿਸਾਨਾਂ ਵੱਲੋਂ ਲਾਂਡਰਾਂ-ਸਰਹਿੰਦ ਮੁੱਖ ਸੜਕ ’ਤੇ ਝੰਜੇੜੀ ਨੇੜੇ ਚੱਕਾ ਜਾਮ, ਨਾਅਰੇਬਾਜ਼ੀ ਕਿਸਾਨਾਂ ਵੱਲੋਂ ਲਾਂਡਰਾਂ-ਸਰਹਿੰਦ ਮੁੱਖ ਸੜਕ ’ਤੇ ਝੰਜੇੜੀ ਨੇੜੇ ਚੱਕਾ ਜਾਮ
Publish Date: Wed, 14 Oct 2026 08:31 PM (IST)
Updated Date: Wed, 14 Oct 2026 08:33 PM (IST)
ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੀ ਮੌਕੇ ’ਤੇ ਪੁੱਜੇ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਜ਼ਿਲ੍ਹੇ ਅਧੀਨ ਆਉਂਦੇ ਫੋਕਲ ਪੁਆਇੰਟ ਝੰਜੇੜੀ ਵਿਚ ਬੁੱਧਵਾਰ ਨੂੰ ਸਰਕਾਰੀ ਖ਼ਰੀਦ ਅਤੇ ਲਿਫ਼ਟਿੰਗ ਨਾ ਹੋਣ ਕਾਰਨ ਇਲਾਕੇ ਦੇ ਕਿਸਾਨ ਸੜਕ ’ਤੇ ਉੱਤਰ ਆਏ ਅਤੇ ਲਾਂਡਰਾਂ-ਸਰਹਿੰਦ ਮੁੱਖ ਸੜਕ ’ਤੇ ਝੰਜੇੜੇ ਨੇੜੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਸਿਲਸਿਲਾ ਦੇਰ ਸ਼ਾਮ ਲਗਭਗ ਸਾਢੇ ਸੱਤ ਵਜੇ ਤੱਕ ਜਾਰੀ ਰਿਹਾ ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਨੇ ਦੱਸਿਆ ਕਿ ਝੰਜੇੜੀ ਮੰਡੀ ’ਚ ਪਿੰਡਾਂ ਦੇ ਕਿਸਾਨ ਕਾਫ਼ੀ ਦਿਨਾਂ ਤੋਂ ਖੱਜਲ ਹੋ ਰਹੇ ਹਨ। ਬੁੱਧਵਾਰ ਨੂੰ ਸ਼ਾਮ ਤੱਕ ਜਦੋਂ ਸਰਕਾਰੀ ਖ਼ਰੀਦ ਨਹੀਂ ਹੋਈ ਅਤੇ ਨਾ ਹੀ ਲਿਫ਼ਟਿੰਗ ਹੋਈ ਅਤੇ ਨਾ ਹੀ ਭਰਾਈ ਕੀਤੀ ਗਈ ਤਾਂ ਕਿਸਾਨਾਂ ਦਾ ਰੋਹ ਭਖ ਗਿਆ। ਇਸ ਸਬੰਧੀ ਕਿਸਾਨ ਆਗੂਆਂ ਨੇ ਐੱਸਡੀਐੱਮ ਖਰੜ, ਮਾਰਕਫੈੱਡ ਦੇ ਅਧਿਕਾਰੀ ਅਤੇ ਇੰਸਪੈਕਟਰ ਨੂੰ ਲਗਾਤਾਰ ਫੋਨ ਕੀਤੇ ਗਏ ਲੇਕਿਨ ਕਿਸੇ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਇਸ ਕਾਰਨ ਕਿਸਾਨਾਂ ਨੇ ਬਾਅਦ ਦੁਪਹਿਰ ਕਰੀਬ ਸਾਢੇ ਚਾਰ ਵਜੇ ਲਾਂਡਰਾਂ-ਸਰਹਿੰਦ ਮੁੱਖ ਸੜਕ ਉੱਤੇ ਝੰਜੇੜੇ ਨੇੜੇ ਚੱਕਾ ਜਾਮ ਕਰ ਕੇ ਧਰਨੇ ’ਤੇ ਬੈਠ ਗਏ। ਜਸਪਾਲ ਸਿੰਘ ਨਿਆਮੀਆਂ ਅਤੇ ਸੰਜੀਵ ਕੁਮਾਰ ਰੂਬੀ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਫੋਕਲ ਪੁਆਇੰਟ ਝੰਜੇੜੀ ’ਚ ਨਾ ਤਾਂ ਸਹੀ ਤਰੀਕੇ ਨਾਲ ਝੋਨਾ ਖਰੀਦਿਆ ਜਾ ਰਿਹਾ ਹੈ ਅਤੇ ਨਾ ਹੀ ਬਰਾਦਾਨਾ ਉਪਲਬਧ ਹੈ ਜਿਸ ਕਾਰਨ ਭਰਾਈ ’ਚ ਵੀ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਰਕਫੈੱਡ ਦੇ ਅਧਿਕਾਰੀ ਅਤੇ ਇੰਸਪੈਕਟਰ ਸ਼ੈਲਰ ਮਾਲਕ ਨਾਲ ਮਿਲੇ ਹੋਏ ਹਨ ਜਿਸ ਕਾਰਨ ਅੰਨਦਾਤਾ ਖੱਜਲ ਹੋ ਰਿਹਾ ਹੈ। ਸਬੰਧਤ ਅਧਿਕਾਰੀਆਂ ਖ਼ਿਲਾਫ਼ ਪਹਿਲਾਂ ਵੀ ਦੋਸ਼ ਲੱਗਦੇ ਰਹੇ ਹਨ ਲੇਕਿਨ ਉਨ੍ਹਾਂ ਨੂੰ ਹਰ ਵਾਰੀ ਇੱਥੇ ਹੀ ਤਾਇਨਾਤ ਕੀਤਾ ਜਾਂਦਾ ਹੈ। ਇਸ ਤੋਂ ਇਹ ਜਾਪਦਾ ਹੈ ਕਿ ਉੱਚ ਅਧਿਕਾਰੀ ਵੀ ਇਨ੍ਹਾਂ ਨਾਲ ਮਿਲੇ ਹੋਏ ਹਨ। ਕਿਸਾਨਾਂ ਨੇ ਦੱਸਿਆ ਕਿ ਅਧਿਕਾਰੀ ਝੋਨੇ ’ਚ ਨਮੀ ਦੱਸ ਕੇ ਖਰੀਦ ਤੋਂ ਟਾਲਾ ਵੱਟ ਰਹੇ ਹਨ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪੁਰਾਣੇ ਅਧਿਕਾਰੀ ਅਤੇ ਸਟਾਫ਼ ਨੂੰ ਇੱਥੋਂ ਬਦਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਸੰਦੀਪ ਰਾਣਾ, ਗਿਆਨ ਸਿੰਘ ਧੜਾਕ, ਅਵਤਾਰ ਸਿੰਘ ਬਜਹੇੜੀ, ਗੁਰਿੰਦਰ ਸਿੰਘ ਮਹਿਮੂਦਪੁਰ, ਰਣਜੀਤ ਸਿੰਘ ਬਜਹੇੜੀ ਅਤੇ ਹੋਰ ਕਿਸਾਨ ਹਾਜ਼ਰ ਸਨ। ਉੱਧਰ, ਸੂਚਨਾ ਮਿਲਦੇ ਹੀ ਸ਼੍ਰੋਮਣੀ ਅਕਾਲੀ ਦਲ, ਖਰੜ ਦੇ ਹਲਕਾ ਇੰਚਾਰਜ ਜਥੇਦਾਰ ਰਵਿੰਦਰ ਸਿੰਘ ਖੇੜਾ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ ਵਿਚ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਕਾਲੀ ਦਲ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗਾ। ਬਕਸਾ ਨਾਇਬ ਤਹਿਸੀਲਦਾਰ ਨੇ ਬਾਰਦਾਨਾ ਮੁਹੱਈਆ ਕਰਵਾਇਆ, ਵੀਰਵਾਰ ਨੂੰ ਮੀਟਿੰਗ ਬੁਲਾਈ ਇਸੇ ਦੌਰਾਨ ਖਰੜ ਦੇ ਨਾਇਬ ਤਹਿਸੀਲਦਾਰ ਅਕਸ਼ੈ ਕੁੰਦਰਾ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਿਸਾਨਾਂ ਦੀ ਪੂਰੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਉਨ੍ਹਾਂ ਨੂੰ ਸਮਝਾ ਕੇ ਧਰਨਾ ਖ਼ਤਮ ਕਰਵਾਇਆ। ਮਾਲ ਅਧਿਕਾਰੀ ਦੇ ਦਖ਼ਲ ਤੋਂ ਬਾਅਦ 5 ਹਜ਼ਾਰ ਬੋਰੀਆਂ ਬਰਦਾਨਾ ਪਹੁੰਚਦਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਸਮੇਂ ਸਿਰ ਸਰਕਾਰੀ ਖ਼ਰੀਦ, ਲਿਫ਼ਟਿੰਗ ਅਤੇ ਭਰਾਈ ਕਰਨ ਦਾ ਭਰੋਸਾ ਦਿੱਤਾ। ਅਧਿਕਾਰੀ ਨੇ ਵੀਰਵਾਰ ਨੂੰ ਸਵੇਰੇ 10 ਵਜੇ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕ ਅਤੇ ਖਰੀਦ ਏਜੰਸੀ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਬੁਲਾਉਣ ਦੀ ਗੱਲ ਕਹੀ। ਇਸ ਮਗਰੋਂ ਕਿਸਾਨਾਂ ਵੱਲੋਂ ਦੇਰ ਸ਼ਾਮ ਲਗਭਗ ਸਾਢੇ ਸੱਤ ਵਜੇ ਧਰਨਾ ਖ਼ਤਮ ਕੀਤਾ ਗਿਆ।