ਝੋਨੇ ਦੀ ਫ਼ਸਲ ’ਤੇ ਕਟੌਤੀ ਕਰਕੇ ਕਿਸਾਨਾਂ ’ਚ ਪਾਇਆ ਜਾ ਰਿਹਾ ਰੋਸ ਝੋਨੇ ਦੀ ਫ਼ਸਲ ’ਤੇ ਕਟੌਤੀ ਕਰਕੇ ਕਿਸਾਨਾਂ ’ਚ ਪਾਇਆ ਜਾ ਰਿਹਾ ਰੋਸ,
Publish Date: Sat, 17 Oct 2026 09:36 PM (IST)
Updated Date: Sat, 17 Oct 2026 09:39 PM (IST)
- ਮੰਡੀਆਂ ’ਚ ਲਿਫਟਿੰਗ ਦੀ ਰਫ਼ਤਾਰ ਮੱਠੀ, ਬੋਰੀਆਂ ਦੇ ਲੱਗੇ ਢੇਰ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਦੀਆਂ ਧਨੌਨੀ ਅਤੇ ਸਮਗੌਲੀ ਅਨਾਜ ਮੰਡੀਆਂ ਵਿਚ ਝੋਨੇ ਦੀ ਫ਼ਸਲ ਦੀ ਚੁਕਾਈ ਵਿਚ ਹੋ ਰਹੀ ਦੇਰੀ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਝੋਨੇ ਦੀ ਫ਼ਸਲ ’ਤੇ 100 ਰੁਪਏ ਪ੍ਰਤੀ ਕੁਇੰਟਲ ਕਟੌਤੀ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਮੰਡੀ ਵਿਚ ਕਥਿਤ ਕਟੌਤੀ ਅਤੇ ਹੋਰ ਸਮੱਸਿਆਵਾਂ ਵਿਰੁੱਧ ਰੋਸ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਦਖ਼ਲ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਮੰਡੀਆਂ ਵਿਚ ਫ਼ਸਲ ਦੀ ਭਰਾਈ, ਚੁਕਾਈ ਅਤੇ ਅਦਾਇਗੀ ਸਮੇਂ ਸਿਰ ਨਾ ਹੋਣ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਆੜ੍ਹਤੀਆਂ ਵੱਲੋਂ ਫ਼ਸਲ ਦੀ ਚੁਕਾਈ ਲਈ 100 ਰੁਪਏ ਪ੍ਰਤੀ ਕੁਇੰਟਲ ਕੱਟ ਲਾਉਣ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਆੜ੍ਹਤੀਆਂ ਦਾ ਕਹਿਣਾ ਹੈ ਕਿ ਵੇਅਰਹਾਊਸ ਦੇ ਅਧਿਕਾਰੀਆਂ ਵੱਲੋਂ ਕਟੌਤੀ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਮੰਡੀ ਵਿਚ ਤਣਾਅ ਵਾਲਾ ਮਾਹੌਲ ਬਣ ਗਿਆ। ਕਿਸਾਨਾਂ ਅਤੇ ਆੜ੍ਹਤੀਆਂ ਦੀ ਮੌਜੂਦਗੀ ਵਿਚ ਵੇਅਰਹਾਊਸ ਦੇ ਨੁਮਾਇੰਦਿਆਂ ਨੂੰ ਮੌਕੇ ’ਤੇ ਬੁਲਾਇਆ ਗਿਆ, ਪਰ ਉਹ ਨਹੀਂ ਪਹੁੰਚੇ। ਕਿਸਾਨਾਂ ਨੇ ਕਿਹਾ ਕਿ ਮਹਿੰਗਾਈ ਅਤੇ ਖੇਤੀ ਖ਼ਰਚਿਆਂ ਨੇ ਪਹਿਲਾਂ ਹੀ ਉਨ੍ਹਾਂ ਦੀ ਆਰਥਿਕ ਹਾਲਤ ਕਮਜ਼ੋਰ ਕਰ ਦਿੱਤੀ ਹੈ। ਹੁਣ ਅਗਲੀ ਫ਼ਸਲ ਦੀ ਬਿਜਾਈ ਦਾ ਸਮਾਂ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਮਜਬੂਰੀ ਵਿਚ ਕਟੌਤੀ ਸਹਿਣ ਕਰਕੇ ਫ਼ਸਲ ਵੇਚਣੀ ਪੈ ਸਕਦੀ ਹੈ। ਮੰਡੀ ਸੁਪਰਵਾਈਜ਼ਰ ਪੰਕਜ ਸ਼ਰਮਾ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਣ ’ਤੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਸੀ, ਪਰ ਵੇਅਰਹਾਊਸ ਦੇ ਨੁਮਾਇੰਦੇ ਨਹੀਂ ਪਹੁੰਚੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਕਿਸਮ ਦੀ ਕਟੌਤੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਧਨੌਨੀ ਮੰਡੀ ’ਚ ਲਿਫਟਿੰਗ ਦੀ ਮੱਠੀ ਰਫ਼ਤਾਰ ਕਾਰਨ ਬੋਰੀਆਂ ਦੇ ਵੱਧ ਢੇਰ ਲੱਗੇ ਹੋਏ ਹਨ ਅਤੇ ਚੁਕਾਈ ਤੇਜ਼ ਕਰਵਾਉਣ ਦੇ ਯਤਨ ਕੀਤੇ ਜਾਣਗੇ। ਕਿਸਾਨਾਂ ਨੇ ਇਹ ਵੀ ਦੋਸ਼ ਲਾਏ ਹਨ ਕਿ ਉਨ੍ਹਾਂ ਦੀ ਫ਼ਸਲ ਦੇ ਪੂਰੇ ਪੈਸੇ ਵੀ ਖਾਤੇ ਵਿਚ ਨਹੀਂ ਪਾਏ ਜਾ ਰਹੇ ਹਨ। ਇਸ ਮੌਕੇ ਕਰਮ ਸਿੰਘ ਕਾਰਕੋਰ ਬਲਾਕ ਪ੍ਰਧਾਨ ਬੀਕੇਯੂ ਰਾਜੇਵਾਲ, ਕਰਮ ਸਿੰਘ ਬਰੌਲੀ ਬਲਾਕ ਡੇਰਾਬੱਸੀ ਪ੍ਰਧਾਨ ਲੱਖੋਵਾਲ, ਬਲਜਿੰਦਰ ਸਿੰਘ ਸੇਖਪੁਰ ਕਲਾਂ ਪ੍ਰਧਾਨ ਰੋਡ ਸੰਘਰਸ਼ ਕਮੇਟੀ, ਜਗਤਾਰ ਸਿੰਘ ਝੜਮਰੀ, ਮਨੀ ਅਮਲਾਲਾ, ਰਾਮ ਸਿੰਘ ਬਰੌਲੀ, ਦਲਬੀਰ ਸਿੰਘ ਵੀ ਹੋਰਨਾ ਸਮੇਤ ਹਾਜ਼ਰ ਸਨ।