ਕਿਸਾਨਾਂ ਵੱਲੋਂ ਆੜ੍ਹਤੀਆਂ ’ਤੇ ਅਦਾਇਗੀ ਰੋਕਣ ਦਾ ਦੋਸ਼ ਕਿਸਾਨਾਂ ਵੱਲੋਂ ਆੜ੍ਹਤੀਆਂ ’ਤੇ ਅਦਾਇਗੀ ਰੋਕਣ ਦਾ ਦੋਸ਼,
Publish Date: Mon, 19 Oct 2026 06:32 PM (IST)
Updated Date: Mon, 19 Oct 2026 06:33 PM (IST)
-ਮਾਹੌਲ ਹੋਇਆ ਗਰਮ, ਕਿਸਾਨਾਂ ਨੇ ਤਹਿਸੀਲਦਾਰ ਨੂੰ ਦਿੱਤੀ ਸ਼ਿਕਾਇਤ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਧਨੌਨੀ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਵੇਚਣ ਵਾਲੇ ਕਿਸਾਨਾਂ ਨੇ ਆੜ੍ਹਤੀਆਂ ਵੱਲੋਂ ਉਨ੍ਹਾਂ ਦੀ ਪੂਰੀ ਅਦਾਇਗੀ ਰੋਕਣ ਦੇ ਦੋਸ਼ ਲਗਾਏ ਹਨ। ਮੰਡੀ ਵਿਚ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂ ਇਕੱਤਰ ਹੋ ਗਏ। ਮਾਹੌਲ ਗਰਮ ਹੁੰਦਾ ਵੇਖ ਤਹਿਸੀਲਦਾਰ ਡੇਰਾਬੱਸੀ ਬੀਰਕਰਨ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤ ਕੀਤਾ। ਇਸ ਸਬੰਧੀ ਕਿਸਾਨਾਂ ਨੇ ਤਹਿਸੀਲਦਾਰ ਬੀਰਕਰਨ ਸਿੰਘ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਵਿਚ ਦਖ਼ਲ ਦੇਣ ਅਤੇ ਉਨ੍ਹਾਂ ਦੀ ਫ਼ਸਲ ਦੀ ਪੂਰੀ ਅਦਾਇਗੀ ਕਰਵਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਕਿਸਾਨਾਂ ਨੇ ਦੱਸਿਆ ਕਿ ਉਹ ਬਰੌਲੀ, ਅਮਲਾਲਾ, ਨਗਲਾ ਅਤੇ ਹੋਰ ਪਿੰਡਾਂ ਤੋਂ ਆਪਣੀ ਝੋਨੇ ਦੀ ਫ਼ਸਲ ਧਨੌਨੀ ਅਨਾਜ ਮੰਡੀ ਵਿਚ ਲੈ ਕੇ ਆਏ ਸਨ। ਕਿਸਾਨਾਂ ਦਾ ਦੋਸ਼ ਹੈ ਕਿ ਆੜ੍ਹਤੀਆਂ ਵੱਲੋਂ ਉਨ੍ਹਾਂ ਦੀ ਪੂਰੀ ਅਦਾਇਗੀ ਨਹੀਂ ਕੀਤੀ ਜਾ ਰਹੀ। ਜਦੋਂ ਉਨ੍ਹਾਂ ਨੇ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਥਿਤ ਤੌਰ ’ਤੇ ਕਿਹਾ ਗਿਆ ਕਿ ਝੋਨੇ ਦੀ ਲਿਫਟਿੰਗ ਕਰਨ ਵਾਲੇ ਸ਼ੈੱਲਰ ਮਾਲਕ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਟੌਤੀ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਇਸ ਕਟੌਤੀ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਫ਼ਸਲ ਦੀ ਪੂਰੀ ਕੀਮਤ ਮਿਲਣੀ ਚਾਹੀਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਕਿਸਾਨਾਂ ਦੀ ਰੋਕੀ ਗਈ ਰਕਮ ਦੀ ਅਦਾਇਗੀ ਯਕੀਨੀ ਬਣਾਈ ਜਾਵੇ। ਕਿਸਾਨਾਂ ਨੇ ਕਿਹਾ ਕਿ ਫ਼ਸਲ ਵੇਚਣ ਤੋਂ ਬਾਅਦ ਪੂਰੀ ਅਦਾਇਗੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਰਣਜੀਤ ਸਿੰਘ ਰਾਣਾ ਪ੍ਰਧਾਨ ਬੀਕੇਯੂ ਲੱਖੋਵਾਲ, ਗੁਰਵਿੰਦਰ ਸਿੰਘ ਚੌਧੇੜੀ ਪ੍ਰਧਾਨ ਜ਼ਮਹੂਰੀ ਕਿਸਾਨ ਸਭਾ, ਲਖਵਿੰਦਰ ਸਿੰਘ ਕਰਾਲਾ ਪ੍ਰਧਾਨ ਬੀਕੇਯੂ ਰਾਜੇਵਾਲ, ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆਂ ਮੁਹਾਲੀ, ਮਨਦੀਪ ਸਿੰਘ ਜਨਰਲ ਸਕੱਤਰ ਬੀਕੇਯੂ ਕਾਦੀਆਂ ਡੇਰਾਬੱਸੀ, ਬਲਜਿੰਦਰ ਸਿੰਘ ਸੇਖਪੁਰਾ ਪ੍ਰਧਾਨ ਰੋਡ ਸੰਘਰਸ਼ ਕਮੇਟੀ, ਬੇਅੰਤ ਸਿੰਘ ਜਗਤਾਰ ਸਿੰਘ, ਕਰਮ ਸਿੰਘ ਕਾਰਕੋਰ ਰਾਜੇਵਾਲ, ਰਤਨ ਸਿੰਘ ਅਮਲਾਲਾ, ਆੜ੍ਹਤੀ ਵਿਕਾਸ ਜੈਨ, ਜਗਨਨਾਥ ਆੜ੍ਹਤੀ, ਸੁਖਦੇਵ ਮਿੱਤਲ, ਮਾਮ ਚੰਦ ਆੜ੍ਹਤੀ, ਸਾਹਲ ਜੈਨ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਵੀ ਹਾਜ਼ਰ ਸਨ।