ਸਵੇਰੇ ਹਿਰਾਸਤ ’ਚ ਲਏ ਕਿਸਾਨ ਆਗੂ ਪੁਲਿਸ ਨੇ ਸ਼ਾਮ ਨੂੰ ਛੱਡੇ ਸਵੇਰੇ ਹਿਰਾਸਤ ਵਿਚ ਲਏ ਕਿਸਾਨ ਆਗੂ ਪੁਲਿਸ ਨੇ ਸ਼ਾਮ ਨੂੰ ਛੱਡੇ
Publish Date: Mon, 20 Jul 2026 09:09 PM (IST)
Updated Date: Mon, 20 Jul 2026 09:10 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨੇੜਲੇ ਅੱਠ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਖ਼ਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਗਮਾਡਾ ਦਫ਼ਤਰ ਦੇ ਬਾਹਰ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲਿਆ। ਸੇਵਾ ਸਿੰਘ ਬਾਕਰਪੁਰ ਨੂੰ ਫੜ ਕੇ ਸੈਂਟਰਲ ਥਾਣਾ ਫੇਜ਼-8 ’ਚ ਬਿਠਾ ਲਿਆ ਗਿਆ। ਜਦੋਂਕਿ ਕਿਸਾਨ ਯੂਨੀਅਨ ਲੱਖੋਵਾਲ ਦੇ ਮੁੱਖ ਬੁਲਾਰੇ ਨਛੱਤਰ ਸਿੰਘ ਬੈਦਵਾਨ ਨੂੰ ਪਹਿਲਾਂ ਪੁਲਿਸ ਨੇ ਹਾਊਸ ਅਰੈਸਟ ਕਰ ਲਿਆ ਤੇ ਬਾਅਦ ਉਸ ਨੂੰ ਮਟੌਰ ਥਾਣੇ ਲੈ ਗਏ। ਹਾਲਾਂਕਿ ਸਵੇਰੇ ਜਦੋਂ ਪੁਲਿਸ ਟੀਮਾਂ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਕਿਸਾਨ ਆਗੂ ਕਰਮਜੀਤ ਸਿੰਘ ਕੰਮਾਂ ਬੜੀ ਤੇ ਮੱਖਣ ਸਿੰਘ ਗੀਗੇਮਾਜਰਾ ਦੇ ਘਰ ਪਹੁੰਚੇ ਤਾਂ ਉਹ ਪੁਲਿਸ ਨੂੰ ਝਕਾਨੀ ਦੇ ਕੇ ਆਪੋ-ਆਪਣੇ ਘਰਾਂ ਤੋਂ ਫ਼ਰਾਰ ਹੋ ਗਏ ਹਨ। ਬਾਅਦ ’ਚ ਵਰ੍ਹਦੇ ਮੀਂਹ ਵਿਚ ਗਮਾਡਾ ਦੇ ਬਾਹਰ ਧਰਨਾ ਦੇਣ ਪਹੁੰਚੇ ਕਿਸਾਨ ਆਗੂ ਕਰਮਜੀਤ ਸਿੰਘ ਕੰਮਾਂ ਬੜੀ ਤੇ ਮੱਖਣ ਸਿੰਘ ਗੀਗੇਮਾਜਰਾ ਸਮੇਤ ਹੋਰਨਾਂ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਅਤੇ ਉਨ੍ਹਾਂ ਨੂੰ ਫੜ ਕੇ ਮਟੌਰ ਥਾਣੇ ਲੈ ਗਈ। ਜਿੱਥੇ ਸ਼ਾਮ 5 ਵਜੇ ਤੱਕ ਕਿਸਾਨਾਂ ਨੂੰ ਕਥਿਤ ਨਾਜਾਇਜ਼ ਹਿਰਾਸਤ ’ਚ ਰੱਖਿਆ ਗਿਆ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ। ਇਸ ਮਗਰੋਂ ਸ਼ਾਮ ਨੂੰ ਸਾਰੇ ਕਿਸਾਨਾਂ ਨੂੰ ਛੱਡ ਦਿੱਤਾ। ਹਾਲਾਂਕਿ ਕਿਸਾਨਾਂ ਨੇ ਪੁਲਿਸ ਨੂੰ ਹਾਈ ਕੋਰਟ ਦੇ ਸਟੇਅ ਆਰਡਰ ਵੀ ਦਿਖਾਏ ਗਏ ਪ੍ਰੰਤੂ ਇਸ ਦੇ ਬਾਵਜੂਦ ਪੁਲਿਸ ਨੇ ਕਿਸਾਨਾਂ ਨੂੰ ਫੜ ਕੇ ਆਪਣੀ ਗੱਡੀ ’ਚ ਬਿਠਾ ਲਿਆ। ਪੁਲਿਸ ਉਨ੍ਹਾਂ ਨੂੰ ਕਿਹੜੇ ਥਾਣੇ ਲੈ ਕੇ ਜਾ ਰਹੀ ਹੈ। ਮੌਕੇ ’ਤੇ ਕੁੱਝ ਵੀ ਨਹੀਂ ਦੱਸਿਆ ਗਿਆ। ਕਾਬਿਲੇਗੌਰ ਹੈ ਕਿ ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਲਈ ਮੁਹਾਲੀ ਨੇੜਲੇ ਅੱਠ ਪਿੰਡਾਂ ਦੀ 3864 ਏਕੜ ਜ਼ਮੀਨ ਦਾ ਸੋਮਵਾਰ ਨੂੰ ਐਵਾਰਡ ਸੁਣਾਇਆ ਜਾਣਾ ਸੀ। ਜਦੋਂਕਿ ਪੀੜਤ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰਦੇ ਹੋਏ ਗਮਾਡਾ ਦਫ਼ਤਰ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਵੱਲੋਂ ਪ੍ਰਮੁੱਖ ਆਗੂਆਂ ਦੀ ਫੜੋ-ਫੜੀ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ ਪੁਲਿਸ ਨੇ ਕਿਸਾਨ ਆਗੂਆਂ ਨੂੰ ਗੱਲੀਂਬਾਤੀਂ ਧਰਨਾ ਨਾ ਦੇਣ ਲਈ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਨੇ ਪੁਲਿਸ ਦੀ ਗੱਲ ਮੰਨਣ ਤੋਂ ਇਨਕਾਰ ਕਰਦਿਆਂ ਹਰ ਹਾਲ ’ਚ ਧਰਨਾ ਲਗਾਉਣ ਦੀ ਗੱਲ ਕਹੀ। ਇਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਦੀ ਫੜੋ-ਫੜੀ ਲਈ ਘਰਾਂ ’ਚ ਛਾਪੇਮਾਰੀ ਕੀਤੀ ਗਈ।