ਫ਼ਰਦ ਕੇਂਦਰ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਫ਼ਰਦ ਕੇਂਦਰ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ
Publish Date: Wed, 16 Sep 2026 08:51 PM (IST)
Updated Date: Thu, 17 Sep 2026 04:08 AM (IST)
ਫੋਟੋ ਕੈਪਸ਼ਨ : ਫ਼ਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਦੇ ਆਗੂ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ। 37ਪੀ ਰੋਹਿਤ ਗੁਪਤਾ, ਪੰਜਾਬੀ ਜਾਗਰਣ ਮਾਜਰੀ : ਫ਼ਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਪੰਜਾਬ (ਰਜਿ) ਜ਼ਿਲ੍ਹਾ ਮੁਹਾਲੀ ਪ੍ਰਧਾਨ ਜਸਪ੍ਰੀਤ ਸਿੰਘ, ਸਤਵਿੰਦਰ ਸਿੰਘ, ਮਨਿੰਦਰ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਮਨਵਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ਵਿਖੇ 19 ਸਤੰਬਰ ਨੂੰ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ’ਚ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਸਿੱਧਾ ਵਿਭਾਗ ’ਚ ਸ਼ਾਮਲ ਕਰਵਾਉਣ ਲਈ ਇਨਲਿਸਟਮੈਂਟ ਆਊਟਸੋਰਸ ਤਾਲਮੇਲ ਕਮੇਟੀ ਪੰਜਾਬ ਵੱਲੋਂ ‘ਸਮੂਹ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਬਤੌਰ ਇਨਲਿਸਟਮੈਂਟ ਅਤੇ ਆਊਟਸੋਰਸ ਦੀਆਂ ਵੱਖ-ਵੱਖ ਬਾਹਰ ਰਹਿੰਦੀਆਂ ਕੈਟਾਗਰੀਆਂ ਨੂੰ ਪੰਜਾਬ ਰਾਜ ਆਊਟਸੋਰਸ ਪਰਸੋਨਲ (ਕੰਟਰੈਕਟੂਅਲ ਇੰਗੇਜਮੈਂਟ ਵਿਚ ਤਬਦੀਲੀ) ਬਿੱਲ- 2026 ਵਿਚ ਸ਼ਾਮਲ ਕਰਕੇ ਤੁਰੰਤ ਪ੍ਰਭਾਵ ਨਾਲ ਲਾਗੂ ਕਰਵਾਉਣ, ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਤੈਨਾਤ ਹਰ ਕੈਟਾਗਰੀ ਨਾਲ ਸਬੰਧਤ ਠੇਕਾ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜ਼ਰਤ ਦੇ ਕਾਨੂੰਨ 1948 ਵਿਚ 15ਵੀਂ ਲੇਬਰ ਕਾਨਫ਼ਰੰਸ, 1957 ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਤਨਖਾਹ ਨਿਸ਼ਚਿਤ ਕਰਵਾਉਣ ਤੇ ਸਮੂਹ ਆਊਟਸੋਰਸ, ਇਨਲਿਸਟਮੈਂਟ, ਠੇਕੇਦਾਰਾਂ, ਕੰਪਨੀਆਂ, ਡੇਲੀਵੇਜ, ਦਿਹਾੜੀਦਾਰ ਠੇਕਾ ਮੁਲਾਜ਼ਮਾਂ ਲਈ ਪੈਨਸ਼ਨ ਅਤੇ ਗਰੈਚੂਟੀ ਦੇ ਲਾਭ ਦੀ ਅਦਾਇਗੀ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਇਸ ਵਿਊਂਤਬੰਦੀ ਨੂੰ ਲਾਗੂ ਕਰਨ ਦੇ ਸਮੇਂ ਤੱਕ ਜਿੰਨਾ ਵਰਕਰਾਂ ਦਾ ਸੇਵਾ ਕਾਲ ਪੂਰਾ ਹੋਣਾ ਵਾਲਾ ਉਸ ਵਰਕਰ ਨੂੰ ਰਿਟਾਇਰੀ ਹੋਣ ’ਤੇ 50 ਲੱਖ ਰੁਪਏ ਦੀ ਅਦਾਇਗੀ ਜਾਂ ਪਰਿਵਾਰ ਦੀ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਵਾਉਣ ਅਤੇ ਹਰ ਸ਼੍ਰੇਣੀ ਦੇ ਵਰਕਰਾਂ ਨੂੰ ਈਪੀਐੱਫ਼ ਅਤੇ ਈਐੱਸਆਈ ਲਾਗੂ ਕੀਤਾ ਜਾਵੇ। ਸਮੂਹ ਵਰਕਰਾਂ ’ਤੇ 8.33 ਫ਼ੀਸਦੀ, 20 ਫ਼ੀਸਦੀ ਬੋਨਸ ਵੀ ਲਾਗੂ ਕਰਵਾਉਣ ਅਤੇ ਸੇਵਾ ਸਮੇਂ ਦੌਰਾਨ ਹੋਣ ਵਾਲੇ ਹਾਦਸਿਆਂ ’ਚ 100 ਫ਼ੀਸਦੀ ਭਰਪਾਈ ਵਿਭਾਗ ਵੱਲੋਂ ਕਰਨ ਦੀ ਗਰੰਟੀ ਦਿੱਤੀ ਜਾਵੇ ਅਤੇ ਐਸਗਰੈਸੀਆ ਸਕੀਮ ਰਾਹੀਂ ਮੁਵਾਅਜ਼ਾ ਦਿਵਾਉਣ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਹਲਕੇ ਧੂਰੀ ਵਿਖੇ 19 ਸਤੰਬਰ ਨੂੰ ਸੂਬਾ ਪੱਧਰੀ ਰੋਸ ਧਰਨਾ ਦੇਣ ਉਪਰੰਤ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਜਿਸ ’ਚ ਜ਼ਿਲ੍ਹਾ ਮਾਨਸਾ ਦੇ ਵਰਕਰ ਵੱਡੇ ਕਾਫ਼ਲੇ ਸਮੇਤ ਪਹੁੰਚ ਕੇ ਸੰਘਰਸ਼ ਨੂੰ ਤਿੱਖੇ ਰੂਪ ਵਿਚ ਲਾਗੂ ਕਰਨਗੇ।