‘ਪੰਜਾਬੀ ਮਾਹ-2026’ ਤਹਿਤ ਪ੍ਰੋ. ਹਰਪਾਲ ਸਿੰਘ ਪੰਨੂ ਨਾਲ ਰੂ-ਬ-ਰੂ ਸਮਾਗਮ 'ਪੰਜਾਬੀ ਮਾਹ-2026' ਤਹਿਤ ਪ੍ਰੋ: ਹਰਪਾਲ ਸਿੰਘ ਪੰਨੂ ਨਾਲ 'ਰੂ-ਬ-ਰੂ' ਆਯੋਜਿਤ
Publish Date: Sat, 07 Nov 2026 08:36 PM (IST)
Updated Date: Sat, 07 Nov 2026 08:38 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ‘ਪੰਜਾਬੀ ਮਾਹ-2026’ ਦੀ ਸਮਾਗਮ ਲੜੀ ਤਹਿਤ ‘ਰੂ-ਬ-ਰੂ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਉੱਘੇ ਵਿਦਵਾਨ ਪ੍ਰੋ: ਹਰਪਾਲ ਸਿੰਘ ਪੰਨੂ ਨੇ ਬਤੌਰ ਮੁੱਖ ਵਕਤਾ ਸ਼ਿਰਕਤ ਕੀਤੀ। ਸਮਾਗਮ ਦਾ ਆਰੰਭ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤਾ ਗਿਆ। ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਸਮੂਹ ਹਾਜ਼ਰੀਨ ਨੂੰ ‘ਜੀ ਆਇਆਂ ਨੂੰ’ ਆਖਦਿਆਂ ਕਿਹਾ ਕਿ ਪੰਜਾਬੀ ਮਾਹ ਮਨਾਉਣ ਦਾ ਉਦੇਸ਼ ਕੇਵਲ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੀ ਨਹੀਂ, ਸਗੋਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀਆਂ ਅਮੀਰ ਪਰੰਪਰਾਵਾਂ ਨਾਲ ਨਵੀਂ ਪੀੜ੍ਹੀ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਪ੍ਰੋ: ਹਰਪਾਲ ਸਿੰਘ ਪੰਨੂ ਨੇ ਵਿਸ਼ਵ-ਦਰਸ਼ਨ, ਇਤਿਹਾਸ ਅਤੇ ਸਿੱਖ-ਚਿੰਤਨ ਦੇ ਖੇਤਰ ’ਚ ਆਪਣੇ ਡੂੰਘੇ ਅਧਿਐਨ ਅਤੇ ਖੋਜਮਈ ਲੇਖਣੀ ਰਾਹੀਂ ਵਿਸ਼ੇਸ਼ ਪਛਾਣ ਸਥਾਪਿਤ ਕੀਤੀ ਹੈ। ਇਸ ਉਪਰੰਤ ਮੁੱਖ ਵਕਤਾ ਪ੍ਰੋ: ਹਰਪਾਲ ਸਿੰਘ ਪੰਨੂ ਨੇ ਸਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਆਪਣੇ ਵਿਚਾਰਾਂ ਅਤੇ ਅਨੁਭਵਾਂ ਦੀ ਸਾਂਝ ਪਾਈ। ਉਨ੍ਹਾਂ ਪੰਜਾਬੀ ਭਾਸ਼ਾ, ਸਾਹਿਤ, ਇਤਿਹਾਸ, ਦਰਸ਼ਨ ਅਤੇ ਸਿੱਖ-ਚਿੰਤਨ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾਂ ਨੇ ਆਪਣੇ ਵਿਦਵਤਾ ਭਰਪੂਰ ਵਿਚਾਰਾਂ ਰਾਹੀਂ ਵੱਖ-ਵੱਖ ਸਾਹਿਤਕ ਅਤੇ ਦਾਰਸ਼ਨਿਕ ਸਰੋਕਾਰਾਂ ਬਾਰੇ ਸਰੋਤਿਆਂ ਨਾਲ ਸੰਵਾਦ ਰਚਾਇਆ। ਸਮਾਗਮ ਦੇ ਅੰਤ ’ਚ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪ੍ਰੋ: ਹਰਪਾਲ ਸਿੰਘ ਪੰਨੂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਦਰਸ਼ਨ ਕੌਰ, ਖੋਜ ਅਫ਼ਸਰ ਨੇ ਹਾਜ਼ਰ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਚਿੰਤਨ ਦੀ ਅਮੀਰੀ ਲਈ ਪ੍ਰੋ. ਹਰਪਾਲ ਸਿੰਘ ਪੰਨੂ ਦਾ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ। ਮੰਚ ਦਾ ਸੰਚਾਲਨ ਮੈਡਮ ਦਿਲਪ੍ਰੀਤ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਕੇਐੱਸ ਗੁਰੂ (ਰਿਟਾ. ਆਈਏਐੱਸ), ਪ੍ਰੋ: ਕੇਵਲਜੀਤ ਸਿੰਘ ‘ਕੰਵਲ’, ਮਨਦੀਪ ਰਿੰਪੀ, ਜਗਤਾਰ ਸਿੰਘ ਜੋਗ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਸੁਰਜੀਤ ਸੁਮਨ, ਦਿਲਾਵਰ ਸਿੰਘ, ਡਾ. ਜਗਮੋਹਨ ਸਿੰਘ, ਬਲਜੀਤ ਕੌਰ ਬੁੱਟਰ, ਅਮਰਜੀਤ ਸਿੰਘ ਧਨੋਆ, ਹਰਜਿੰਦਰ ਕੌਰ ਧਨੋਆ, ਧਰਮਿੰਦਰ ਸਿੰਘ, ਤਰਲੋਚਨ ਸਿੰਘ, ਲਖਵੀਕ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਜਤਿੰਦਰਪਾਲ ਸਿੰਘ, ਸੁਨੀਲਮ ਮੰਡ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫੀ ਦੇ ਸਿਖਿਆਰਥੀਆਂ ਨੇ ਵੀ ਸ਼ਿਰਕਤ ਕੀਤੀ।