ਸ਼ਹਿਰ ’ਚ ਸੜਕਾਂ ਦੇ ਖੱਡਿਆਂ ਤੋਂ ਲੈ ਕੇ ਟੁੱਟੀ ਗਰਿੱਲ ਤੱਕ ਦੀ ਹੋਵੇਗੀ ਮਰੰਮਤ ਸ਼ਹਿਰ ’ਚ ਸੜਕਾਂ ਦੇ ਖੱਡਿਆਂ ਤੋਂ ਲੈ ਕੇ ਟੁੱਟੀ ਗਰਿੱਲ ਤੱਕ ਦੀ ਹੋਵੇਗੀ ਮਰੰਮਤ
Publish Date: Tue, 06 Oct 2026 06:56 PM (IST)
Updated Date: Tue, 06 Oct 2026 06:59 PM (IST)
- ਡਿਵਾਈਡਿੰਗ ਸੜਕਾਂ ਦੇ ਰੱਖ ਰਖਾਓ ’ਤੇ 85 ਲੱਖ ਰੁਪਏ ਖਰਚ ਕਰੇਗਾ ਮੁਹਾਲੀ ਨਿਗਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ’ਚ ਦਾਖ਼ਲ ਹੁੰਦੇ ਹੀ ਸੜਕ ਦੀ ਹਾਲਤ ਸ਼ਹਿਰ ਦੀ ਪਹਿਲੀ ਤਸਵੀਰ ਪੇਸ਼ ਕਰਦੀ ਹੈ ਪਰ ਮੌਜੂਦਾ ਸਮੇਂ ਵਿਚ ਕਾਫ਼ੀ ਹਿੱਸਿਆਂ ’ਚ ਸੜਕਾਂ ਦੀ ਖਸਤਾ ਹਾਲਤ ਬਣੀ ਹੋਈ ਹੈ ਲੇਕਿਨ ਇਸ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਹੁਣ ਮੁਹਾਲੀ ਨਗਰ ਨਿਗਮ ਨੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਰੱਖ-ਰਖਾਓ ਅਤੇ ਮਰੰਮਤ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੁਹਾਲੀ ਨਿਗਮ ਵੱਲੋਂ ਤਿਆਰ ਕੀਤੇ ਗਏ ਲਗਭਗ 85 ਲੱਖ ਰੁਪਏ ਦੇ ਅਨੁਮਾਨ ਅਨੁਸਾਰ ਫੇਜ਼-9/10 ਅਤੇ ਫੇਜ਼-10/11 ਦੀਆਂ ਡਿਵਾਈਡਿੰਗ ਸੜਕਾਂ ਤੇ ਵੱਖ-ਵੱਖ ਮਰੰਮਤ ਦੇ ਕੰਮ ਕਰਵਾਏ ਜਾਣਗੇ। ਫੇਜ਼-9/10 ਅਤੇ ਫੇਜ਼-10/11 ਦੀਆਂ ਡਿਵਾਈਡਿੰਗ ਸੜਕਾਂ ਸ਼ਹਿਰ ਦੇ ਮੁੱਖ ਮਾਰਗਾਂ ’ਚ ਸ਼ਾਮਲ ਹਨ, ਜਿੱਥੇ ਸਾਰਾ ਦਿਨ ਵਾਹਨਾਂ ਦੀ ਲਗਾਤਾਰ ਆਵਾਜਾਈ ਰਹਿੰਦੀ ਹੈ। ਇਹ ਸੜਕਾਂ ਆਸ-ਪਾਸ ਦੇ ਫੇਜ਼ਾਂ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਨੂੰ ਜੋੜਨ ਵਾਲੇ ਮਹੱਤਵਪੂਰਨ ਸੰਪਰਕ ਮਾਰਗ ਵਜੋਂ ਜਾਂਦੇ ਹਨ। ਇਨ੍ਹਾਂ ਸੜਕਾਂ ਤੇ ਕਾਫ਼ੀ ਥਾਵਾਂ ਉੱਤੇ ਸੜਕ ਦੀ ਉਪਰਲੀ ਪਰਤ ਖਰਾਬ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਰਬ ਚੈਨਲ, ਪੇਵਰ ਬਲਾਕ, ਪਾਣੀ ਦੀ ਨਿਕਾਸੀ ਵਾਲੇ ਚੈਨਲ ਅਤੇ ਗਰਿੱਲਾਂ ਨੂੰ ਵੀ ਮਰੰਮਤ ਦੀ ਸਖ਼ਤ ਲੋੜ ਹੈ। ਇਸ ਯੋਜਨਾ ਦੇ ਤਹਿਤ ਸੜਕ ਦੇ ਖਰਾਬ ਹਿੱਸਿਆਂ ਦਾ ਪੈਚਵਰਕ ਕੀਤਾ ਜਾਵੇਗਾ। ਖਰਾਬ ਕਰਬ ਚੈਨਲ ਅਤੇ ਪਾਣੀ ਨਿਕਾਸੀ ਠੀਕ ਨਾ ਹੋਣ ਕਰਕੇ ਬਾਰਿਸ਼ ਦੇ ਦਿਨਾਂ ’ਚ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਪੈਦਾ ਹੋਣ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ, ਜਿਸ ਨੂੰ ਹੁਣ ਦਰੁਸਤ ਕੀਤਾ ਜਾਵੇਗਾ। ਬਾਕਸ : ਪੈਦਲ ਰਾਹਗੀਰ ਲਈ ਪੇਵਰ ਬਲਾਕਾਂ ਦੀ ਹੋਵੇਗੀ ਮਰੰਮਤ ਮਰੰਮਤ ਯੋਜਨਾ ’ਚ ਪੈਦਲ ਆਵਾਜਾਈ ਵਾਲੇ ਹਿੱਸਿਆਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਡਿਵਾਈਡਿੰਗ ਰੋਡ ਦੇ ਆਸ-ਪਾਸ ਟੁੱਟੀਆਂ ਜਾਂ ਉਖੜੀਆਂ ਪੇਵਰ ਬਲਾਕ ਕਾਰਨ ਪੈਦਲ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਇਨ੍ਹਾਂ ਟਾਈਲਾਂ ਨੂੰ ਠੀਕ ਕਰਨ ਦੇ ਨਾਲ-ਨਾਲ ਖਰਾਬ ਗਰਿੱਲ ਅਤੇ ਕਰਬ ਚੈਨਲਾਂ ਦੀ ਮਰੰਮਤ ਕਰਕੇ ਸੜਕ ਕਿਨਾਰੇ ਦੇ ਪੂਰੇ ਢਾਂਚੇ ਨੂੰ ਸੁਚੱਜੇ ਢੰਗ ਨਾਲ ਵਿਕਸਤ ਕੀਤਾ ਜਾਵੇਗਾ, ਤਾਂ ਜੋ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਬਿਹਤਰ ਅਤੇ ਸੁਰੱਖਿਅਤ ਸੜਕ ਮਿਲ ਸਕੇ। ਬਾਕਸ : ਮੁਹਾਲੀ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਨਿਯਮਿਤ ਮੁਰੰਮਤ ਅਤੇ ਬਿਹਤਰ ਰੱਖ-ਰਖਾਓ ਕਰਨਾ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ। ਇਨ੍ਹਾਂ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਮੁਹਾਲੀ ਦੇ ਫੇਜ਼-9/10 ਅਤੇ ਫੇਜ਼-10/11 ਦੀ ਡਿਵਾਈਡਿੰਗ ਸੜਕ ਦੇ ਨਾਲ ਕਰਬ ਚੈਨਲ, ਪੇਵਰ ਬਲਾਕ ਅਤੇ ਹੋਰ ਨੁਕਸਾਨੇ ਗਏ ਹਿੱਸਿਆਂ ਨੂੰ ਜਲਦ ਦਰੁਸਤ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਗਰੀਨ ਬੈਲਟਾਂ ਅਤੇ ਫੁੱਟਪਾਥਾਂ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਦੀ ਖੂਬਸੂਰਤੀ ਦੇ ਨਾਲਨਾਲ ਸ਼ਹਿਰ ਵਿਚ ਆਵਾਜਾਈ ਨੂੰ ਸੌਖਾ ਬਣਾਇਆ ਜਾ ਸਕੇ। ਸ਼ਹਿਰ ਵਿਚ ਕਾਫ਼ੀ ਸੜਕਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਆਉਂਦੇ ਦਿਨਾਂ ’ਚ ਬਾਕੀ ਹੋਣ ਵਾਲੇ ਕੰਮ ਵੀ ਸ਼ੁਰੂ ਕੀਤੇ ਜਾਣਗੇ ਅਤੇ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਰਬਜੀਤ ਸਿੰਘ ਸਮਾਣਾ, ਮੇਅਰ, ਮੁਹਾਲੀ।