- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਹਰ ਮਾਂ ਅਤੇ ਭੈਣ ਨੂੰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਬ੍ਰਾਂਡ ਅੰਬੈਸਡਰ ਦੱਸਿਆ ਹੈ। ਉਨ੍ਹਾਂ ਨੇ ਇਸ ਪਹਿਲ ਨੂੰ ਆਪਣੀ ਕਿਸਮ ਦੀ ਪਹਿਲੀ ਸਮਾਜਿਕ ਕ੍ਰਾਂਤੀ ਕਿਹਾ ਜੋ ਔਰਤਾਂ ਦੇ ਸਨਮਾਨ ਅਤੇ ਵਿੱਤੀ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰ ਰਹੀ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਹਰ ਮਾਂ ਅਤੇ ਭੈਣ ਨੂੰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਬ੍ਰਾਂਡ ਅੰਬੈਸਡਰ ਦੱਸਿਆ ਹੈ। ਉਨ੍ਹਾਂ ਨੇ ਇਸ ਪਹਿਲ ਨੂੰ ਆਪਣੀ ਕਿਸਮ ਦੀ ਪਹਿਲੀ ਸਮਾਜਿਕ ਕ੍ਰਾਂਤੀ ਕਿਹਾ ਜੋ ਔਰਤਾਂ ਦੇ ਸਨਮਾਨ ਅਤੇ ਵਿੱਤੀ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ 75 ਲੱਖ ਤੋਂ ਵੱਧ ਔਰਤਾਂ ਦੇ ਪਹਿਲਾਂ ਹੀ ਰਜਿਸਟਰ ਹੋਣ ਤੋਂ ਬਾਅਦ ਉਨ੍ਹਾਂ ਦੇ ਖਾਤਿਆਂ ਵਿਚ ਸਨਮਾਨ ਰਕਮ ਦੇ ਤੌਰ ’ਤੇ 3,824.87 ਕਰੋੜ ਰੁਪਏ ਪਾਏ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਇਸ ਯੋਜਨਾ ਤਹਿਤ ਸੂਬੇ ਦੀਆਂ ਇਕ ਕਰੋੜ ਔਰਤਾਂ ਨੂੰ ਸ਼ਾਮਲ ਕਰਨ ਦਾ ਹੈ। ਕੋਈ ਵੀ ਯੋਗ ਲਾਭਪਾਤਰੀ ਔਰਤ ਇਸ ਯੋਜਨਾ ਤੋਂ ਵਿਰਵੀ ਨਹੀਂ ਰਹੇਗੀ। ਮੈਂ ਰਾਜ ਦੀਆਂ ਸਾਰੀਆਂ ਯੋਗ ਔਰਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਇਸ ਯੋਜਨਾ ਦਾ ਲਾਹਾ ਲੈਣ।
ਐਤਵਾਰ ਨੂੰ ਇਸ ਯੋਜਨਾ ਦੀ ਲਾਭਪਾਤਰੀ, ਪਿੰਡ ਆਦਮਪੁਰਾ ਦੀ ਵਾਸੀ ਗੁਰਮੇਲ ਕੌਰ ਉਰਫ਼ ਮੇਲੋ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜੀ ਅਤੇ ਮਾਨ ਨੂੰ ਦੇਖਦੇ ਹੀ ਉਨ੍ਹਾਂ ਨੂੰ ਗਲੇ ਲਗਾ ਲਿਆ ਤੇ ਅਸ਼ੀਰਵਾਦ ਦਿੱਤਾ। ਇਸ ਮੌਕੇ ਸੀਐੱਮ ਮਾਨ ਨੇ ਕਿਹਾ ਕਿ ਬੀਬੀ ਗੁਰਮੇਲ ਕੌਰ ਨੂੰ ਮਿਲ ਕੇ ਉਨ੍ਹਾਂ ਦੀ ਆਤਮਾ ਨੂੰ ਸਕੂਨ ਮਿਲਿਆ ਹੈ ਤੇ ਉਨ੍ਹਾਂ ਪ੍ਰਾਰਥਨਾ ਕੀਤੀ ਕਿ ਵਾਹਿਗੁਰੂ ਉਨ੍ਹਾਂ ਦੇ ਚਿਹਰੇ ’ਤੇ ਹਮੇਸ਼ਾ ਮੁਸਕਾਨ ਬਣਾਈ ਰੱਖੇ।
ਮੁੱਖ ਮੰਤਰੀ ਨੇ ਪਿਆਰ ਤੇ ਸਨਮਾਨ ਦੇ ਪ੍ਰਤੀਕ ਦੇ ਤੌਰ ’ਤੇ ਉਨ੍ਹਾਂ ਨੂੰ ਤੋਹਫ਼ੇ ਭੇਟ ਕੀਤੇ। ਇਸ ਭਾਵੁਕ ਮੌਕੇ ਦਾ ਵੀਡੀਓ ਮੁੱਖ ਮੰਤਰੀ ਨੇ ਆਪਣੇ ਐਕਸ ’ਤੇ ਵੀ ਸਾਂਝਾ ਕੀਤਾ। ਉਨ੍ਹਾਂ ਨੇ ਲਿਖਿਆ ਕਿ ਪੰਜਾਬ ਦੀਆਂ ਉਨ੍ਹਾਂ ਸਾਰੀਆਂ ਮਾਵਾਂ ਅਤੇ ਭੈਣਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਤਿਕਾਰ ਯੋਜਨਾ ਨੂੰ ਸਫਲ ਬਣਾਇਆ।
ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿਚ ਇਹ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ ਜਿਸ ਤਹਿਤ ਸਾਰੀਆਂ ਯੋਗ ਲਾਭਪਾਤਰੀ ਔਰਤਾਂ ਨੂੰ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਿੱਤੀ ਸਹਾਇਤਾ ਸ਼ਾਇਦ ਔਰਤਾਂ ਨੂੰ ਅਮੀਰ ਨਾ ਬਣਾਏ ਪਰ ਇਹ ਉਨ੍ਹਾਂ ਨੂੰ ਆਤਮ-ਸਨਮਾਨ ਜ਼ਰੂਰ ਦੇਵੇਗੀ। ਪੰਜਾਬ ਸਰਕਾਰ ਔਰਤਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।