‘ਵਨਨੈੱਸ ਵਨ-ਕੁਦਰਤ ਨਾਲ ਸਦਭਾਵਨਾ’ ਤਹਿਤ ਮੁਹਾਲੀ ’ਚ ਵਾਤਾਵਰਨ ਸੰਭਾਲ ਮੁਹਿੰਮ ਦਾ ਆਗ਼ਾਜ਼ ‘ਵਨਨੈੱਸ ਵਨ-ਕੁਦਰਤ ਨਾਲ ਸਦਭਾਵਨਾ’ ਤਹਿਤ ਮੁਹਾਲੀ ’ਚ ਵਾਤਾਵਰਨ ਸੰਭਾਲ ਮੁਹਿੰਮ ਦਾ ਆਗ਼ਾਜ਼
Publish Date: Sun, 23 Aug 2026 10:19 PM (IST)
Updated Date: Mon, 24 Aug 2026 04:10 AM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਮੁਹਾਲੀ : ਬਾਬਾ ਹਰਦੇਵ ਸਿੰਘ ਦਾ ਰੂਹਾਨੀ ਸੰਦੇਸ਼-“ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਵੇਂ ਹੀ ਖ਼ਤਰਨਾਕ ਹਨ”ਅੱਜ ਵੀ ਵਾਤਾਵਰਨ ਦੀ ਸੰਭਾਲ ਅਤੇ ਮਾਨਵੀ ਚੇਤਨਾ ਨੂੰ ਕੁਦਰਤ ਪ੍ਰਤੀ ਜਵਾਬਦੇਹ ਬਣਾਉਣ ਲਈ ਪ੍ਰੇਰਣਾ ਦਾ ਸਰੋਤ ਹੈ। ਇਸੇ ਸੰਦੇਸ਼ ਨੂੰ ਅਮਲੀ ਰੂਪ ਦਿੰਦਿਆਂ ਸੰਤ ਨਿਰੰਕਾਰੀ ਮਿਸ਼ਨ ਵੱਲੋਂ ‘ਵਨਨੈੱਸ ਵਨ-ਕੁਦਰਤ ਨਾਲ ਸਦਭਾਵਨਾ’ ਮੁਹਿੰਮ ਰਾਹੀਂ ਦੇਸ਼ ਭਰ ਵਿਚ ਹਰਿਆਵਲੀ ਅਤੇ ਵਾਤਾਵਰਨ ਸੰਭਾਲ ਦਾ ਜਨ-ਅੰਦੋਲਨ ਚਲਾਇਆ ਜਾ ਰਿਹਾ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦੇ ਪਾਵਨ ਆਸ਼ੀਰਵਾਦ ਨਾਲ ਅਗਸਤ 2021 ਵਿਚ ਸ਼ੁਰੂ ਹੋਈ ਇਹ ਵਿਲੱਖਣ ਪਹਿਲ ਅੱਜ ਦੇਸ਼-ਵਿਆਪੀ ਮੁਹਿੰਮ ਦਾ ਰੂਪ ਧਾਰ ਚੁੱਕੀ ਹੈ। ਇਸ ਦਾ ਉਦੇਸ਼ ਕੇਵਲ ਪੌਦੇ ਲਗਾਉਣਾ ਹੀ ਨਹੀਂ, ਸਗੋਂ ਕੁਦਰਤ ਨਾਲ ਮਨੁੱਖ ਦੀ ਰੂਹਾਨੀ ਸਾਂਝ ਨੂੰ ਮਜ਼ਬੂਤ ਕਰਨਾ, ਵਾਤਾਵਰਨ ਸੰਭਾਲ ਨੂੰ ਜੀਵਨ-ਮੁੱਲ ਵਜੋਂ ਅਪਣਾਉਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੀ ਤੇ ਹਰੀ-ਭਰੀ ਧਰਤੀ ਤਿਆਰ ਕਰਨਾ ਹੈ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਹੁਣ ਤੱਕ ਲਗਭਗ 350 ਮਿੰਨੀ ਜੰਗਲ (ਰੁੱਖ-ਸਮੂਹ) ਸਥਾਪਿਤ ਕੀਤੇ ਜਾ ਚੁੱਕੇ ਹਨ, ਜਦਕਿ 600 ਤੋਂ ਵੱਧ ‘ਵਨਨੈੱਸ ਵਨ’ ਸਥਾਨਾਂ ’ਤੇ ਸ਼ਰਧਾਲੂ ਅਤੇ ਸੇਵਾਦਾਰ ਪੂਰੀ ਸਮਰਪਣ ਭਾਵਨਾ ਨਾਲ ਪੌਦਿਆਂ ਦੀ ਦੇਖਭਾਲ ਕਰ ਰਹੇ ਹਨ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਮਹਾਂ-ਅੰਦੋਲਨ ਦੇ ਛੇਵੇਂ ਪੜਾਅ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਦੇਸ਼ ਭਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਸਮੇਤ 630 ਸਥਾਨਾਂ ’ਤੇ ਇਕੋ ਸਮੇਂ ਚਲਾਈ ਗਈ, ਜਿਸ ਦੌਰਾਨ ਮਿਸ਼ਨ ਦੇ ਲੱਖਾਂ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਸਮਰਪਿਤ ਭਾਵਨਾ ਨਾਲ ਹਿੱਸਾ ਲੈਂਦਿਆਂ ਲਗਭਗ 10 ਲੱਖ ਪੌਦੇ ਲਗਾਏ। ਮੁਹਾਲੀ ਦੇ ਟੀਡੀਆਈ ਸਿਟੀ ਦੇ ਪਾਰਕ ਵਿਖੇ ਸੰਤ ਨਿਰੰਕਾਰੀ ਮੰਡਲ ਦੇ ਸੈਂਟਰਲ ਪਲੈਨਿੰਗ ਐਂਡ ਐਡਵਾਈਜ਼ਰੀ ਬੋਰਡ ਦੇ ਵਾਈਸ ਚੇਅਰਮੈਨ ਐੱਚਐੱਸ ਚਾਵਲਾ ਨੇ ਮੁੱਖ ਮਹਿਮਾਨ ਵਜੋਂ ਆਪਣੇ ਕਰ-ਕਮਲਾਂ ਨਾਲ ਪੌਦਾ ਲਗਾ ਕੇ ਇਸ ਵਾਤਾਵਰਨ ਸੰਭਾਲ ਮੁਹਿੰਮ ਦਾ ਸ਼ੁਭ ਆਰੰਭ ਕੀਤਾ। ਇਸ ਮੁਹਿੰਮ ਦੀ ਖ਼ਾਸੀਅਤ ਇਹ ਹੈ ਕਿ ਮਿਸ਼ਨ ਵੱਲੋਂ ਪੌਦੇ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਖ਼ਤਮ ਨਹੀਂ ਕੀਤੀ ਜਾਂਦੀ। ਹਰੇਕ ਪੌਦੇ ਦੀ ਲਗਾਤਾਰ ਦੇਖਭਾਲ ਕਰਨ ਦਾ ਸੰਕਲਪ ਲਿਆ ਗਿਆ ਹੈ, ਤਾਂ ਜੋ ਇਹ ਪੌਦੇ ਵਿਕਸਿਤ ਹੋ ਕੇ ਘਣੇ ਛੋਟੇ ਜੰਗਲਾਂ ਦਾ ਰੂਪ ਧਾਰ ਸਕਣ ਅਤੇ ਜੈਵਿਕ-ਵਿਭਿੰਨਤਾ ਨੂੰ ਵਧਾਉਣ ਦੇ ਨਾਲ ਸਥਾਨਕ ਈਕੋ-ਸਿਸਟਮ ਨੂੰ ਵੀ ਮਜ਼ਬੂਤ ਕਰ ਸਕਣ। ਫੋਟੋ ਕੈਪਸ਼ਨ : ਪੌਦਾ ਲਗਾਉਂਦੇ ਹੋਏਸੰਤ ਨਿਰੰਕਾਰੀ ਮਿਸ਼ਨ ਦੇ ਆਗੂ। 32ਪੀ