ਮੁਹਾਲੀ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੈਂਗਸਟਰ ਗੁਰਦਿੱਤ ਸਿੰਘ ਕਾਬੂ, ਗਲੌਕ ਪਿਸਤੌਲ ਸਮੇਤ 3 ਹਥਿਆਰ ਬਰਾਮਦ ਮੁਹਾਲੀ 'ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁੱਠਭੇੜ : ਮੁਕਾਬਲੇ ਤੋਂ ਬਾਅਦ ਗੈਂਗਸਟਰ ਗੁਰਦਿਤ ਸਿੰਘ ਕਾਬੂ, ਗਲੌਕ ਪਿਸਤੌਲ ਸਮੇਤ 3 ਹਥਿਆਰ ਬਰਾਮਦ
Publish Date: Wed, 09 Sep 2026 09:22 PM (IST)
Updated Date: Wed, 09 Sep 2026 09:22 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੀ ਗੈਂਗਸਟਰਾਂ ਵਿਰੁੱਧ ‘ਜ਼ੀਰੋ ਟਾਲਰੈਂਸ’ ਨੀਤੀ ਤਹਿਤ ਮੁਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਇਕ ਇੰਟੈਲੀਜੈਂਸ ਆਧਾਰਤ ਆਪ੍ਰੇਸ਼ਨ ਦੌਰਾਨ ਪਿੰਡ ਸਨੇਟਾ ਨੇੜੇ ਪੁਲਿਸ ਅਤੇ ਇਕ ਨਾਮੀ ਬਦਮਾਸ਼ ਵਿਚਾਲੇ ਮੁਕਾਬਲਾ ਹੋ ਗਈ। ਇਸ ਮੁਕਾਬਲੇ ਵਿਚ ਕਈ ਵਾਰਦਾਤਾਂ ’ਚ ਲੋੜੀਂਦਾ ਗੈਂਗਸਟਰ ਗੁਰਦਿਤ ਸਿੰਘ ਲੱਤ ਚ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਹਾਲੀ ’ਚ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਸਪੀ ਮੁਹਾਲੀ ਵਰੁਣ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਜੀਪੀ ਪੰਜਾਬ ਦੇ ਸਖ਼ਤ ਨਿਰਦੇਸ਼ਾਂ ਤਹਿਤ ਐੱਸਪੀ ਇਨਵੈਸਟੀਗੇਸ਼ਨ ਸੌਰਭ ਜਿੰਦਲ, ਐੱਸਪੀ ਆਪ੍ਰੇਸ਼ਨਜ਼ ਅਕਾਸ਼ਦੀਪ ਔਲਖ, ਇੰਚਾਰਜ ਆਪ੍ਰੇਸ਼ਨ ਸੈੱਲ ਇੰਸਪੈਕਟਰ ਹਰਮਿੰਦਰ ਅਤੇ ਇੰਚਾਰਜ ਸੀਆਈਏ ਇੰਸਪੈਕਟਰ ਪ੍ਰਦੀਪ ਬਾਜਵਾ ਦੀਆਂ ਆਪ੍ਰੇਸ਼ਨਲ ਟੀਮਾਂ ਵੱਲੋਂ ਇਹ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਸੀ। ਜਬਰੀ ਵਸੂਲੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸੀ ਬਦਮਾਸ਼ : ਐੱਸਐੱਸਪੀ ਅਨੁਸਾਰ ਪੁਲਿਸ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਗੁਰਦਿੱਤ ਸਿੰਘ, ਜੋ ਕਿ ਮੂਲ ਰੂਪ ਵਿਚ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਹਾਲ ਹੀ ਵਿਚ ਖਰੜ ਖੇਤਰ ਚ ਰਹਿ ਰਿਹਾ ਸੀ, ਮੁਹਾਲੀ ਜ਼ਿਲ੍ਹੇ ਵਿਚ ਜਬਰੀ ਵਸੂਲੀ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਟੀਮਾਂ ਨੇ ਘੇਰਾਬੰਦੀ ਕਰਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਪਾਰਟੀ ਤੇ 2 ਤੋਂ 3 ਰੌਂਦ ਫਾਇਰ ਕਰ ਦਿੱਤੇ, ਜੋ ਕਿ ਪੁਲਿਸ ਦੀ ਸਰਕਾਰੀ ਗੱਡੀ ਤੇ ਵੀ ਲੱਗੇ। ਪੁਲਿਸ ਨੇ ਸੰਜਮ ਵਰਤਦਿਆਂ ਜਵਾਬੀ ਫਾਇਰਿੰਗ ਕੀਤੀ, ਜਿਸ ਵਿਚ ਮੁਲਜ਼ਮ ਦੀ ਲੱਤ ’ਚ ਗੋਲ਼ੀ ਲੱਗੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਅਤਿ-ਆਧੁਨਿਕ ਗਲੌਕ ਪਿਸਤੌਲ ਤੇ ਕਾਰ ਬਰਾਮਦ : ਐੱਸਐੱਸਪੀ ਅਨੁਸਾਰ ਮੁਲਜ਼ਮ ਦੀ ਗੱਡੀ ਦੀ ਤਲਾਸ਼ੀ ਦੌਰਾਨ 9ਐੱਮਐੱਮ ਦੇ 2 ਹੋਰ ਪਿਸਤੌਲ ਸਮੇਤ ਸੋਫਿਸਟੀਕੇਟਡ ਗਲੌਕ ਪਿਸਤੌਲ (ਜੋ ਆਮ ਤੌਰ ’ਤੇ ਸੁਰੱਖਿਆ ਏਜੰਸੀਆਂ ਦੁਆਰਾ ਵਰਤਿਆ ਜਾਂਦਾ ਹੈ) ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਚੋਰੀ ਕੀਤੀ ਹੋਈ ਆਲਟੋ ਕਾਰ ਨੂੰ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਸ਼ੂਟਰ ਅਕਸਰ ਪੁਲਿਸ ਦੀ ਨਜ਼ਰ ਤੋਂ ਬਚਣ ਲਈ ਆਲਟੋ ਵਰਗੀਆਂ ਛੋਟੀਆਂ ਗੱਡੀਆਂ ਦੀ ਵਰਤੋਂ ਕਰਦੇ ਹਨ। ਪੁਲਿਸ ਹੁਣ ਗਲੌਕ ਪਿਸਤੌਲ ਦੇ ਸਰਹੱਦ ਪਾਰ ਕੁਨੈਕਸ਼ਨਾਂ ਦੀ ਵੀ ਜਾਂਚ ਕਰ ਰਹੀ ਹੈ। ਦੋ ਹੋਰ ਸਾਥੀਆਂ ਦੀ ਭਾਲ ’ਚ ਪੁਲਿਸ ਟੀਮਾਂ ਰਵਾਨਾ : ਐੱਸਐੱਸਪੀ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੇ ਦੋ ਹੋਰ ਸਾਥੀਆਂ ਦਾ ਖ਼ੁਲਾਸਾ ਕੀਤਾ ਹੈ। ਘਟਨਾ ਦੀ ਖ਼ਬਰ ਫੈਲਣ ਤੋਂ ਬਾਅਦ ਉਹ ਫ਼ਰਾਰ ਨਾ ਹੋ ਜਾਣ, ਇਸ ਲਈ ਐੱਸਪੀ ਆਪ੍ਰੇਸ਼ਨਜ਼ ਅਤੇ ਐੱਸਪੀਡੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੂੰ ਤੁਰੰਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਰਵਾਨਾ ਕਰ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਗੁਰਦਿੱਤ ਸਿੰਘ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਇਸ ਗੈਂਗ ਦੇ ਪੂਰੇ ਨੈੱਟਵਰਕ ਅਤੇ ਪਿੱਛੇ ਬੈਠੇ ਹੈਂਡਲਰਾਂ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ।