ਨਵੀਂ ਪੀੜ੍ਹੀ ਲਈ ਜਲ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ’ਚ ਨਹਿਰੀ ਸਿੰਚਾਈ ਦਾ ਘੇਰਾ ਵਧਾਉਣ ’ਤੇ ਜ਼ੋਰ ਜਲ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ’ਚ ਨਹਿਰੀ ਸਿੰਚਾਈ ਦਾ ਘੇਰਾ ਵਧਾਉਣ ’ਤੇ ਜ਼ੋਰ,
Publish Date: Thu, 06 Aug 2026 07:37 PM (IST)
Updated Date: Fri, 07 Aug 2026 04:08 AM (IST)
* ਪੰਜਾਬ ਦੇ ਵੱਡੇ ਜਲ ਸਰੋਤਾਂ ਦੀ ਗਾਦ ਕੱਢਣ, ਮੁੜ ਸੁਰਜੀਤੀ ਤੇ ਜਲ-ਸੰਭਾਲ ਸਮਰੱਥਾ ਵਧਾਉਣ ਲਈ ਕੌਮਾਂਤਰੀ ਪ੍ਰੋਜੈਕਟ ਸ਼ੁਰੂ ਕਰਨ ਦੀ ਗੁਹਾਰ * ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ’ਚ ਚੁੱਕਿਆ ਮੁੱਦਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ’ਚ ਜਲ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਦੇ ਨਹਿਰੀ ਸਿਸਟਮ ਦੇ ਆਧੁਨਿਕੀਕਰਨ ਤੇ ਜਲ ਸਰੋਤਾਂ ਦੀ ਮੁੜ ਸੁਰਜੀਤੀ ਲਈ ਵਿਸ਼ੇਸ਼ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਤੇ ਪੁਰਾਣੀਆਂ ਨਹਿਰਾਂ ਦੀ ਘੱਟਦੀ ਜਲ-ਸਮਰੱਥਾ ਕਾਰਨ ਸੂਬਾ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ’ਚ ਇਹ ਮੁੱਦਾ ਚੁੱਕਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਨਾਜ-ਭੰਡਾਰ ਹੈ ਤੇ ਹਰੀ ਕ੍ਰਾਂਤੀ ਤੋਂ ਲੈ ਕੇ ਹੁਣ ਤੱਕ ਸੂਬੇ ਦੇ ਕਿਸਾਨਾਂ ਨੇ ਦੇਸ਼ ਦੀ ਅੰਨ ਸੁਰੱਖਿਆ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ ਪਰ ਅਜੋਕੇ ਸਮੇਂ ਪੰਜਾਬ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗਦੇ ਪੱਧਰ ਤੇ ਗੰਭੀਰ ਜਲ ਸੰਕਟ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਬਹੁਤੀਆਂ ਨਹਿਰਾਂ ਪੁਰਾਣੀਆਂ ਹਨ ਅਤੇ ਗਾਦ ਜੰਮਣ, ਢਾਂਚਾਗਤ ਨੁਕਸਾਨ ਤੇ ਪਾਣੀ ਦੇ ਰਿਸਾਅ ਕਾਰਨ ਉਨ੍ਹਾਂ ਦੀ ਜਲ-ਸਮਰੱਥਾ ਘਟ ਗਈ ਹੈ। ਪੰਜਾਬ ਦੀਆਂ ਜ਼ਿਆਦਾਤਰ ਨਹਿਰਾਂ ਅੱਜ ਵੀ ਰਵਾਇਤੀ ਪ੍ਰਣਾਲੀਆਂ ਨਾਲ ਹੀ ਚੱਲ ਰਹੀਆਂ ਹਨ। ਰੂਪਨਗਰ, ਹਰੀਕੇ, ਕੰਜਲੀ, ਕੇਸ਼ੋਪੁਰ, ਮੀਆਂਣੀ, ਨੰਗਲ, ਝੱਜਰ ਤੇ ਬਡੌਲੀ ਸਮੇਤ ਪੰਜਾਬ ਦੀਆਂ ਸਾਰੀਆਂ ਵੱਡੀਆਂ ਜਲਗਾਹਾਂ (ਵੈੱਟਲੈਂਡਜ਼) ਦੀ ਸਾਂਭ-ਸੰਭਾਲ, ਗਾਦ ਕੱਢਣ, ਮੁੜ ਸੁਰਜੀਤੀ ਅਤੇ ਜਲ-ਸਮਰੱਥਾ ਵਧਾਉਣ ਦੀ ਫੌਰੀ ਲੋੜ ਹੈ। ਸਤਨਾਮ ਸੰਧੂ ਨੇ ਕਿਹਾ ਕਿ ਪੰਜਾਬ ’ਚ ਨਹਿਰੀ ਸਿੰਚਾਈ ਹੇਠਲਾ ਰਕਬਾ ਘਟ ਗਿਆ ਹੈ। ਇਸ ਘੇਰੇ ਨੂੰ ਵਧਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਨਹਿਰੀ ਢਾਂਚੇ ਦੇ ਆਧੁਨਿਕੀਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣ। ਸ਼ਾਹਪੁਰ ਕੰਢੀ ਡੈਮ ਤੋਂ ਉਪਲਬਧ ਰਾਵੀ ਦਰਿਆ ਦੇ ਪਾਣੀ ਨੂੰ ਪੰਜਾਬ ਦੇ ਨਹਿਰੀ ਸਿਸਟਮ ਨਾਲ ਜੋੜਿਆ ਜਾਣਾ ਚਾਹੀਦਾ ਹੈ ਤੇ ਸਾਰੀਆਂ ਵੱਡੀਆਂ ਨਹਿਰਾਂ ਦੀ ਮੁਰੰਮਤ, ਆਧੁਨਿਕੀਕਰਨ, ਮਜ਼ਬੂਤੀ, ਮੁੜ ਵਿਕਾਸ ਤੇ ਸੰਚਾਲਨ ਸਾਂਭ-ਸੰਭਾਲ ਲਈ ਵਿਸ਼ੇਸ਼ ਕੇਂਦਰੀ ਸਹਾਇਤਾ ਦਿੱਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ’ਚ ਨਹਿਰੀ ਸਿੰਚਾਈ ਦਾ ਘੇਰਾ ਵਧਾਉਣ ਤੇ ਨਹਿਰੀ ਸਿੰਚਾਈ ਹੇਠਲਾ ਰਕਬਾ ਵਧਾਉਣ ਲਈ ਵਿਸ਼ੇਸ਼ ਯੋਜਨਾ ਬਣਾਈ ਜਾਵੇ, ਤਾਂ ਜੋ ਨਵੀਂ ਪੀੜ੍ਹੀ ਲਈ ਜਲ ਸੁਰੱਖਿਆ ਯਕੀਨੀ ਬਣਾਈ ਜਾ ਸਕੇ।