ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਲੈ ਕੇ ਕੀਤੀ ਦੋ ਰੋਜ਼ਾ ਹੜਤਾਲ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਲੈ ਕੇ ਕੀਤੀ ਦੋ ਰੋਜ਼ਾ ਹੜਤਾਲ
Publish Date: Tue, 21 Jul 2026 08:19 PM (IST)
Updated Date: Tue, 21 Jul 2026 08:22 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪੀਐੱਸਈਬੀ ਇੰਪਲਾਈਜ਼ ਸਾਂਝੀ ਤਾਲਮੇਲ ਕਮੇਟੀ, ਸਰਕਲ ਮੁਹਾਲੀ ਦੀ ਅਪੀਲ ’ਤੇ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ (ਏਟਕ), ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਪੈਨਸ਼ਨਰ ਯੂਨੀਅਨ (ਏਟਕ) ਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਮਰਥਨ ਵਿਚ ਦੋ ਦਿਨਾਂ ਦੀ ਮਾਸ ਲੀਵ ਲੈ ਕੇ ਰੋਸ ਰੈਲੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ ਪ੍ਰਬੰਧਨ ਵੱਲੋਂ ਪਹਿਲਾਂ ਮੰਨੀਆਂ ਗਈਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਤੇ ਵਿਭਾਗ ’ਚ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਵੀ ਨਹੀਂ ਭਰੀਆਂ ਜਾ ਰਹੀਆਂ। ਰੈਲੀ ਦੌਰਾਨ ਬੁਲਾਰਿਆਂ ਨੇ 17 ਜੁਲਾਈ 2020 ਦੇ ਪੱਤਰ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੈਨਸ਼ਨਰਾਂ ਲਈ 2.59 ਦੇ ਫਾਰਮੂਲੇ ਨੂੰ ਲਾਗੂ ਕਰਨ, 23 ਸਾਲਾ ਸਕੇਲ ਦੇਣ, ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਬਿਨਾਂ ਸ਼ਰਤ ਨੌਕਰੀ ਦੇਣ, ਛੇਵੇਂ ਪੇਅ ਕਮਿਸ਼ਨ ਅਨੁਸਾਰ ਤਨਖ਼ਾਹਾਂ ਜਾਰੀ ਕਰਨ, ਕੰਮ ਦੇ ਮੁਤਾਬਕ ਨਵੀਆਂ ਪੋਸਟਾਂ ਦੀ ਰਚਨਾ ਕਰਨ, ਠੇਕੇਦਾਰੀ ਸਿਸਟਮ ਖ਼ਤਮ ਕਰਕੇ ਵਿਭਾਗੀ ਕੰਮ ਕਰਵਾਉਣ ਤੇ 18 ਫ਼ੀਸਦ ਡੀਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸੁਰਿੰਦਰਪਾਲ ਸਿੰਘ ਲਹੌਰੀਆ, ਮੋਹਨ ਸਿੰਘ ਗਿੱਲ, ਹਰਪ੍ਰੀਤ ਸਿੰਘ, ਲੱਖਾ ਸਿੰਘ, ਗੁਰਬਖ਼ਸ਼ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ ਢਿੱਲੋਂ, ਹਰਵਿੰਦਰ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ, ਬ੍ਰਿਜਮੋਹਨ ਸ਼ਰਮਾ, ਬਲਵਿੰਦਰ ਕੁਮਾਰ, ਜਤਿੰਦਰ ਸਿੰਘ, ਜਸਪਾਲ ਸਿੰਘ, ਬਲਪ੍ਰੀਤ ਸਿੰਘ ਤੇ ਪਰਮਜੀਤ ਸਿੰਘ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਮੁਲਾਜ਼ਮਾਂ ਪ੍ਰਤੀ ਅੜੀਅਲ ਰਵੱਈਆ ਛੱਡ ਕੇ ਤੁਰੰਤ ਗੱਲਬਾਤ ਰਾਹੀਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇ। ਜੇਕਰ ਪਾਵਰਕਾਮ ਨੇ ਮੰਗਾਂ ਦਾ ਛੇਤੀ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਟੀਐੱਸਯੂ ਦੇ ਜੋਨਲ ਪ੍ਰਧਾਨ ਸੁਰਮੁੱਖ ਸਿੰਘ, ਸਰਕਲ ਪ੍ਰਧਾਨ ਬਲਵਿੰਦਰ ਸਿੰਘ, ਯੋਗਰਾਜ ਸਿੰਘ, ਗੁਰਿੰਦਰ ਸਿੰਘ ਸਰਕਲ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਧਰਮਪਾਲ ਗੁਪਤਾ, ਸੁਖਿੰਦਰ ਪਾਲ ਸਿੰਘ ਸਰਕਲ ਆਗੂ ਐੱਮਐੱਸਯੂ ਮੁਹਾਲੀ, ਗੁਰਪ੍ਰੀਤ ਸਿੰਘ ਛੀਨਾ, ਸਵਰਨਜੀਤ ਸਿੰਘ ਤੇ ਹੋਰਨਾਂ ਆਗੂਆਂ ਨੇ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੇ 18 ਫ਼ੀਸਦੀ ਬਕਾਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, 17 ਜੁਲਾਈ 20 ਦਾ ਪੱਤਰ ਰੱਦ ਕਰਕੇ ਨਵ-ਨਿਯੁਕਤ ਕਰਮਚਾਰੀਆਂ ਨੂੰ ਕੇਂਦਰੀ ਤਨਖ਼ਾਹ ਸਕੇਲ ਦੇਣ ਦੀ ਥਾਂ ਬਿਜਲੀ ਨਿਗਮ ਦੇ ਸਕੇਲ ਦਿੱਤੇ ਜਾਣ। ਇਸਦੇ ਨਾਲ ਹੀ 1 ਜਨਵਰੀ ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਸੋਲੇਟੀਅਮ ਪਾਲਿਸੀ ਸਬੰਧੀ ਤਰਸ ਦੇ ਆਧਾਰ ’ਤੇ ਨੌਕਰੀ ਵਾਲੇ ਕੇਸਾਂ ਵਿਚ 12 ਫ਼ੀਸਦੀ ਵਿਆਜ ਦੀ ਰਿਕਵਰੀ ਦੀ ਸ਼ਰਤ ਹਟਾਉਣ, ਵੱਖ-ਵੱਖ ਦਫ਼ਤਰਾਂ ’ਚ ਇਨਫ੍ਰਾਸਟ੍ਰਕਚਰ ਦੀ ਘਾਟ ਤੇ ਸਟਾਫ਼ ਦੀ ਘਾਟ ਨੂੰ ਪੂਰੀ ਕਰਨ, ਇਕੋ ਅਸਾਮੀ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਵੱਖੋ-ਵੱਖ ਤਨਖ਼ਾਹ ਸਕੇਲਾਂ ’ਚ ਇਕਸਾਰਤਾ ਦੀ ਮੰਗ ਕੀਤੀ।