ਬਿਜਲੀ ਬਿੱਲਾਂ ਨੇ ਗ਼ਰੀਬ ਪਰਿਵਾਰਾਂ ਦੇ ਘਰਾਂ ਦੇ ਉਡਾਏ ‘ਫਿਊਜ਼’ ਬਿਜਲੀ ਬਿੱਲਾਂ ਨੇ ਗਰੀਬ ਪਰਿਵਾਰਾਂ ਦੇ ਘਰਾਂ ਦੇ ਉਡਾਏ ਫਿਊਜ਼
Publish Date: Wed, 23 Sep 2026 06:29 PM (IST)
Updated Date: Wed, 23 Sep 2026 06:30 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਚ ਆਮ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਮਾਫ਼ ਕਰਨ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਪਾਵਰਕਾਮ ਨੇ ਖ਼ਪਤਕਾਰਾਂ ਨੂੰ ਵੱਡੀ ਰਕਮ ਦੇ ਬਿਜਲੀ ਬਿੱਲ ਭੇਜ ਕੇ ਗ਼ਰੀਬ ਵਰਗ ਨਾਲ ਸਬੰਧਿਤ ਪਰਿਵਾਰਾਂ ਦੇ ਘਰਾਂ ਦੇ ਫਿਊਜ਼ ਉੱਡਾ ਦਿੱਤੇ ਹਨ। ਸੈਕਟਰ-78 ਵਿਚ ਮੁਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਐੱਸਸੀਬੀਸੀ ਮੋਰਚਾ ਦੇ ਕਨਵੀਨਰ ਬਲਵਿੰਦਰ ਸਿੰਘ ਦੀ ਕੁੰਬੜਾ ਦੀ ਮੌਜੂਦਗੀ ਵਿਚ ਪ੍ਰੈੱਸ ਕਾਨਫੰਰਸ ਦੌਰਾਨ ਪਿੰਡ ਕੁੰਬੜਾ ਦੀਆਂ ਔਰਤਾਂ ਨੇ ਆਪਬੀਤੀ ਦੱਸਦਿਆਂ 12 ਤੋਂ 15 ਹਜ਼ਾਰ ਰੁਪਏ ਤੱਕ ਦੇ ਬਿਜਲੀ ਬਿੱਲ ਭੇਜਣ ਦੀ ਗੱਲ ਕਹੀ ਹੈ। ਪੀੜਤ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਰਕਮ ਦੇ ਭੇਜੇ ਗਏ ਬਿਜਲੀ ਬਿੱਲ ਵੀ ਦਿਖਾਏ। ਇਸ ਮੌਕੇ ਸਾਬਕਾ ਮੇਅਰ ਜੀਤੀ ਸਿੱਧੂ ਨੇ ਬਿਜਲੀ ਬਿੱਲਾਂ ਦਾ ਮੁੱਦਾ ਚੁੱਕਦਿਆਂ ਪੰਜਾਬ ਸਰਕਾਰ ਦੇ ਮੁਫ਼ਤ ਬਿਜਲੀ ਸਬੰਧੀ ਦਾਅਵਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ’ਚ ਕਈ ਵਿਧਵਾ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਲਈ ਵੱਡੀ ਰਕਮ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਕਰਨਾ ਮੁਸ਼ਕਿਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਔਰਤ ਨੇ 50,000 ਦਾ ਬੈਂਕ ਕਰਜ਼ਾ ਲੈ ਕੇ ਪਾਵਰਕਾਮ ਦੇ ਬਕਾਇਆ ਬਿੱਲ ਦੀਆਂ 18-18 ਹਜ਼ਾਰ ਦੀਆਂ ਦੋ ਕਿਸ਼ਤਾਂ ਜਮ੍ਹਾਂ ਕਰਵਾਈਆਂ ਹਨ, ਪਰ ਇਸ ਦੇ ਬਾਵਜੂਦ ਉਸ ਵੱਲ ਹਾਲੇ ਵੀ ਲਗਭਗ 16 ਹਜ਼ਾਰ ਬਕਾਇਆ ਖੜ੍ਹਾ ਹੈ। ਜੀਤੀ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਬਿੱਲ ਮਾਫ਼ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕੁੰਬੜਾ ’ਚ ਵੱਖਰੀ ਤਸਵੀਰ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਗ਼ਰੀਬ ਪਰਿਵਾਰਾਂ ਨੂੰ ਰਾਹਤ ਕਦੋਂ ਮਿਲੇਗੀ। ਉਨ੍ਹਾਂ ਦਾ ਦਾਅਵਾ ਸੀ ਕਿ ਕਈ ਪਰਿਵਾਰ ਬਹੁਤ ਛੋਟੇ ਕਮਰਿਆਂ ’ਚ ਰਹਿੰਦੇ ਹਨ, ਉਨ੍ਹਾਂ ਦੀ ਬਿਜਲੀ ਦੀ ਖਪਤ ਵੀ ਸੀਮਤ ਹੈ। ਕੁਝ ਘਰਾਂ ’ਚ ਸਿਰਫ਼ ਇਕ ਪੱਖਾ, ਇਕ ਲਾਈਟ ਅਤੇ ਇਕ ਫਰਾਟਾ ਪੱਖਾ ਹੋਣ ਦੇ ਬਾਵਜੂਦ ਹਜ਼ਾਰਾਂ ਰੁਪਏ ਦੇ ਬਿੱਲ ਆਉਣਾ ਚਿੰਤਾ ਦਾ ਵਿਸ਼ਾ ਹੈ। ਜੀਤੀ ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਪੀੜਤ ਪਰਿਵਾਰਾਂ ਦੇ ਬਿਜਲੀ ਬਿੱਲਾਂ ਦੀ ਜਾਂਚ ਕਰਵਾ ਕੇ ਉਨ੍ਹਾਂ ’ਤੇ ‘ਲੀਕ ਮਾਰੀ’ ਜਾਵੇਗੀ ਅਤੇ ਜਿਨ੍ਹਾਂ ਦੇ ਮੀਟਰ ਕੱਟੇ ਗਏ ਹਨ, ਉਨ੍ਹਾਂ ਦੇ ਮੁੜ ਮੀਟਰ ਲਗਾਏ ਜਾਣਗੇ। ਬਲਵਿੰਦਰ ਸਿੰਘ ਕੁੰਬੜਾ ਨੇ ਦੱਸਿਆ ਕਿ ਪਿਛਲੇ ਦਿਨੀਂ ਲੋਕਾਂ ਨੇ ਕੁੰਬੜਾ ਸੜਕ ’ਤੇ ਚੱਕਾ ਜਾਮ ਕਰ ਕੇ ਸੂਬਾ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਮੌਕੇ ’ਤੇ ਪਹੁੰਚੇ ਐੱਸਡੀਓ ਨੇ ਵਾਧੂ ਰਕਮ ਵਾਲੇ ਬਿੱਲ ਮਾਫ਼ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ ਸੀ ਪਰ ਜਦੋਂ ਪੀੜਤ ਲੋਕ ਪਾਵਰਕਾਮ ਅਧਿਕਾਰੀ ਨੂੰ ਮਿਲਣ ਉਨ੍ਹਾਂ ਦੇ ਦਫ਼ਤਰ ਪਹੁੰਚੇ ਤਾਂ ਉਸ ਨੇ ਬਿਜਲੀ ਬਿੱਲ ਮਾਫ਼ ਤੋਂ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਐਲਾਨ ਕੀਤਾ ਕਿ ਆਉਂਦੇ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।