ਮਾਮੂਲੀ ਤਕਰਾਰ ’ਚ ਜ਼ਖ਼ਮੀ ਹੋਏ ਬਜ਼ੁਰਗ ਦੀ 19 ਦਿਨਾਂ ਬਾਅਦ ਮੌਤ ਮਾਮੂਲੀ ਤਕਰਾਰ ’ਚ ਜ਼ਖ਼ਮੀ ਹੋਏ ਬਜ਼ੁਰਗ ਦੀ 19 ਦਿਨਾਂ ਬਾਅਦ ਮੌਤ
Publish Date: Sat, 24 Oct 2026 09:25 PM (IST)
Updated Date: Sat, 24 Oct 2026 09:28 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਬੀਤੀ 6 ਅਕਤੂਬਰ ਨੂੰ ਲਾਂਡਰਾਂ ਰੋਡ ’ਤੇ ਸਥਿਤ ਐੱਸਬੀਪੀ ਹੋਮਸ ਸੈਕਟਰ 115 ਵਿਚ ਰਹਿੰਦੇ ਇਕ ਬਜ਼ੁਰਗ ਨੂੰ ਉਸਦੀ ਗੁਆਂਢਣ ਵੱਲੋਂ ਧੱਕਾ ਮਾਰ ਕੇ ਸੁੱਟਣ ਕਾਰਨ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ’ਚ ਬਜ਼ੁਰਗ ਦੀ ਬੀਤੇ ਦਿਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਇਕ ਔਰਤ ਦੇ ਖ਼ਿਲਾਫ਼ ਪਹਿਲਾ ਦਰਜ ਮਾਮਲੇ ’ਚ ਗ਼ੈਰ-ਇਰਾਦਰ ਹੱਤਿਆ ਦੀ ਧਾਰਾ ਦਾ ਵਾਧਾ ਕਰ ਦਿੱਤਾ ਹੈ। ਇਸ ਮਾਮਲੇ ਵਿਚ ਮ੍ਰਿਤਕ ਦੀ ਪਛਾਣ ਕਿਰਪਾਲ ਸਿੰਘ ਵਾਸੀ ਐੱਸਬੀਪੀ ਹੋਮਸ ਵਜੋਂ ਹੋਈ ਹੈ। ਉਕਤ ਮਾਮਲੇ ਵਿਚ ਪੁਲਿਸ ਨੂੰ ਮ੍ਰਿਤਕ ਕਿਰਪਾਲ ਸਿੰਘ ਦੇ ਪੋਤਰੇ ਸਾਹਿਬ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ 5 ਅਕਤੂਬਰ ਦੀ ਰਾਤ ਨੂੰ ਉਸਦੇ ਦਾਦੇ ਦੇ ਗੁਆਂਢ ਵਿਚ ਰਹਿੰਦੀ ਸੰਦੀਪ ਕੌਰ ਨਾਮ ਦੀ ਔਰਤ ਵੱਲੋਂ ਫਲੈਟ ਦੇ ਬਾਹਰ ਰੱਖਿਆ ਗਮਲਾ ਪਿੱਛੇ ਕਰਨ ਨੂੰ ਲੈ ਤਕਰਾਰ ਹੋ ਗਈ ਸੀ, ਜਿਸ ਕਾਰਨ ਔਰਤ ਵੱਲੋਂ ਉਸਦੇ ਦਾਦੇ ਨੂੰ ਧੱਕਾ ਮਾਰ ਕੇ ਸੜਕ ’ਤੇ ਸੁੱਟ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਸ਼ਿਕਾਇਤਕਰਤਾ ਅਨੁਸਾਰ ਜ਼ਖ਼ਮੀ ਹਾਲਤ ’ਚ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਦੱਸਿਆ ਕਿ ਉਸਦੇ ਦਾਦਾ ਕੋਮਾ ਵਿਚ ਚਲੇ ਗਏ ਹਨ ਅਤੇ ਕੁਝ ਦਿਨ ਬਾਅਦ ਉਨ੍ਹਾਂ ਨੂੰ ਹਸਪਤਾਲ ਵੱਲੋਂ ਛੁੱਟੀ ਕਰ ਦਿੱਤੀ ਗਈ ਸੀ। ਸ਼ਿਕਾਇਤਕਰਤਾ ਅਨੁਸਾਰ ਬੀਤੇ ਦਿਨੀਂ ਉਸਦੇ ਦਾਦਾ ਕਿਰਪਾਲ ਸਿੰਘ ਦੀ ਮੌਤ ਹੋ ਗਈ। ਸਦਰ ਪੁਲਿਸ ਦੇ ਏਐੱਸਆਈ ਮਨਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਮਾਮਲੇ ਵਿਚ ਸੰਦੀਪ ਕੌਰ ਦੇ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਹੁਣ ਇਸ ਮਾਮਲੇ ਵਿਚ ਕਿਰਪਾਲ ਸਿੰਘ ਦੀ ਮੌਤ ਹੋਣ ਤੋਂ ਬਾਅਦ ਧਾਰਾ 105 ਬੀਐੱਨਐੱਸ ਦਾ ਵਾਧਾ ਕਰਕੇ ਸਿਵਲ ਹਸਪਤਾਲ ਖਰੜ ਵਿਖੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।