ਭਾਰਤ ਦੀ ਅਗਲੀ ਵੱਡੀ ਛਾਲ ਲਈ ਯਤਨ ਨੌਜਵਾਨ ਭਾਰਤੀਆਂ ਵੱਲੋਂ ਹੋਣਾ ਚਾਹੀਦਾ ਹੈ : ਤਿਵਾੜੀ ਭਾਰਤ ਦੀ ਅਗਲੀ ਵੱਡੀ ਛਾਲ ਲਈ ਯਤਨ ਨੌਜਵਾਨ ਭਾਰਤੀਆਂ ਵੱਲੋਂ ਹੋਣਾ ਚਾਹੀਦਾ ਹੈ : ਤਿਵਾੜੀ
Publish Date: Sun, 20 Sep 2026 08:20 PM (IST)
Updated Date: Mon, 21 Sep 2026 04:12 AM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਸਾਬਕਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁਹਾਲੀ ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਕੈਂਪਸ ਵਿਖੇ ਕਰਵਾਏ ਗਏ ਆਈਐੱਸਬੀ ਲੀਡਰਸ਼ਿਪ ਸਮਿਟ 2026 ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ, ਤੇਜ਼ੀ ਨਾਲ ਬਦਲ ਰਹੀ ਵਿਸ਼ਵ ਵਿਵਸਥਾ, ਬਦਲਦੇ ਭੂ-ਰਾਜਨੀਤਿਕ ਸਮੀਕਰਨਾਂ ਅਤੇ ਦੁਨੀਆ ਸਾਹਮਣੇ ਮੌਜੂਦ ਰਣਨੀਤਕ ਅਨਿਸ਼ਚਿਤਤਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ, ਤਿਵਾੜੀ ਨੇ ਰਾਜ-ਪ੍ਰਬੰਧਨ, ਵਿਸ਼ਵ ਸ਼ਕਤੀ ਅਤੇ ਵਧੇਰੇ ਗੁੰਝਲਦਾਰ ਤੇ ਬਦਲਦੇ ਅੰਤਰਰਾਸ਼ਟਰੀ ਮਾਹੌਲ ਵਿਚ ਭਾਰਤ ਦੀ ਸਥਿਤੀ ਨਾਲ ਜੁੜੇ ਵੱਡੇ ਸਵਾਲਾਂ ’ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਇਨ੍ਹਾਂ ਤਬਦੀਲੀਆਂ ਨਾਲ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ ਦੇ ਨਾਲ-ਨਾਲ ਭਾਰਤ ਦੀ ਰਣਨੀਤਕ ਦਿਸ਼ਾ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਤਿਵਾੜੀ ਨੇ ਕਿਹਾ ਕਿ 2019 ਤੋਂ 2026 ਦੇ ਦਰਮਿਆਨ ਦੁਨੀਆ ਵਿਚ ਬੇਹੱਦ ਵੱਡੀ ਤਬਦੀਲੀ ਆਈ ਹੈ। ਇਹੀ ਕਾਰਨ ਹੈ ਕਿ ਮੈਨੂੰ ਆਪਣੀ ਨਵੀਂ ਕਿਤਾਬ ਲਿਖਣ ਲਈ ਪ੍ਰੇਰਣਾ ਮਿਲੀ, ਜਿਸਦਾ ਨਾਮ ‘ਦ ਵਰਲਡ ਐਡਰਿਫਟ’ ਹੈ। ਤਿਵਾੜੀ ਨੇ ਕਿਹਾ ਕਿ ਅਮਰੀਕਾ ਵਿਚ ਇਸ ਸਮੇਂ ਹੋ ਰਿਹਾ ਏਆਈ ਬੁਨਿਆਦੀ ਢਾਂਚੇ ਦਾ ਵਿਸਥਾਰ ਸ਼ਾਇਦ ਅਮਰੀਕਾ ਦੇ ‘ਗਿਲਡਡ ਏਜ’ ਦੌਰ ਵਿਚ ਰੇਲਵੇ ਦੇ ਨਿਰਮਾਣ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਚੀਨ ਵਿਚ ਵੀ ਸੈਮੀਕੰਡਕਟਰ, ਡਾਟਾ ਸੈਂਟਰ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿਚ ਵੱਡੇ ਪੱਧਰ ’ਤੇ ਕੰਮ ਹੋ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਭਾਰਤ ਨੂੰ ਉਹ ਉਭਰਦੀ ਵੱਡੀ ਤਾਕਤ ਬਣਨਾ ਹੈ, ਜਿਸਦੀ ਅਸੀਂ ਸਾਰੇ ਆਪਣੇ ਦੇਸ਼ ਲਈ ਕਾਮਨਾ ਕਰਦੇ ਹਾਂ, ਤਾਂ ਭਾਰਤ ਨੂੰ ਆਪਣੀ ਸਮਰੱਥਾ ਅਨੁਸਾਰ ਪੂਰਾ ਜ਼ੋਰ ਲਗਾਉਣਾ ਹੋਵੇਗਾ।