ਈਡੀ ਦੀ ਕਾਰਵਾਈ : ਭੰਨਤੋੜ ਸਬੰਧੀ ਕਾਰਵਾਈ ਨਾ ਹੋਣ 'ਤੇ ਵਿਰੋਧੀ ਧਿਰ ਨੇ ਚੁੱਕੇ ਸਵਾਲ ਈਡੀ ਦੀ ਕਾਰਵਾਈ : ਭੰਨਤੋੜ ਸਬੰਧੀ ਕਾਰਵਾਈ ਨਾ ਹੋਣ 'ਤੇ ਵਿਰੋਧੀ ਧਿਰ ਨੇ ਚੁੱਕੇ ਸਵਾਲ
Publish Date: Fri, 25 Sep 2026 10:16 PM (IST)
Updated Date: Fri, 25 Sep 2026 10:18 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਪਿਛਲੇ ਦਿਨੀਂ ਗਮਾਡਾ ਦਫ਼ਤਰ ਵਿਖੇ ਈਡੀ ਦੀ ਲਗਭਗ 50 ਘੰਟੇ ਚੱਲੀ ਕਾਰਵਾਈ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਦੌਰਾਨ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਸੀ ਅਤੇ ਗਮਾਡਾ ਦਫ਼ਤਰ ਦੇ ਵਿਹੜੇ ਚ ਖੜ੍ਹੀ ਈਡੀ ਦੀ ਗੱਡੀ ਸਮੇਤ ਗਮਾਡਾ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਅਤੇ ਟਾਇਰਾਂ ਦੀ ਹਵਾ ਕੱਢ ਦਿੱਤੀ ਗਈ ਸੀ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਵੀ ਮੁਹਾਲੀ ਪੁਲਿਸ ਵੱਲੋਂ ਹੁਣ ਤੱਕ ਕਿਸੇ ਵੀ ਪ੍ਰਦਰਸ਼ਨਕਾਰੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਕਾਰਨ ਵਿਰੋਧੀ ਧਿਰ ਦੇ ਆਗੂਆਂ ਨੇ ਪੁਲਿਸ ਦੀ ਕਾਰਜਪ੍ਰਣਾਲੀ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਕਾਬਿਲੇਗੌਰ ਹੈ ਕਿ ਪ੍ਰਦਰਸ਼ਨ ਦੌਰਾਨ ਆਪ ਆਗੂਆਂ ਅਤੇ ਸਮਰਥਕਾਂ ਨੇ ਈਡੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਵਿਰੋਧ ਵਧਣ ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਘੇਰਾ ਤੋੜ ਕੇ ਗਮਾਡਾ ਕੰਪਲੈਕਸ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ। ਇਸ ਦੌਰਾਨ ਈਡੀ ਦੀ ਗੱਡੀ ਤੇ ਕਥਿਤ ਤੌਰ ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਗੱਡੀ ਦੇ ਸ਼ੀਸ਼ੇ ਤੋੜੇ ਗਏ ਅਤੇ ਟਾਇਰਾਂ ਦੀ ਹਵਾ ਕੱਢ ਦਿੱਤੀ ਗਈ ਸੀ। ਇਸ ਤੋਂ ਇਲਾਵਾ ਗਮਾਡਾ ਦੀ ਇਮਾਰਤ ਦੇ ਸ਼ੀਸ਼ੇ ਵੀ ਨੁਕਸਾਨੇ ਗਏ ਸਨ। ਹੰਗਾਮੇ ਦੌਰਾਨ ਪੁਲਿਸ ਨੇ 10 ਤੋਂ 15 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਸੀ, ਜਦਕਿ ਬਾਅਦ ਵਿਚ ਛੱਡ ਦਿੱਤਾ ਗਿਆ। ਵਿਰੋਧੀ ਧਿਰ ਦੇ ਨਿਸ਼ਾਨੇ ਤੇ ਪੁਲਿਸ : ਵਿਰੋਧੀ ਧਿਰ ਦੇ ਆਗੂਆਂ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲਿਆ ਅਤੇ ਈਡੀ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਪਰ ਇਸ ਦੇ ਬਾਵਜੂਦ ਮੁਹਾਲੀ ਪੁਲਿਸ ਨੇ ਕਿਸੇ ਵੀ ਮੁੱਖ ਪ੍ਰਦਰਸ਼ਨਕਾਰੀ ਜਾਂ ਹਿੰਸਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕੋਈ ਪਰਚਾ ਦਰਜ ਨਹੀਂ ਕੀਤਾ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਰਕਾਰ ਦੇ ਦਬਾਅ ਹੇਠ ਪੁਲਿਸ ਕਾਰਵਾਈ ਕਰਨ ਤੋਂ ਝਿਜਕ ਰਹੀ ਹੈ। ‘ਆਪ’ ਨੇ ਕਿਹੜਾ ਲੋਕਤੰਤਰ ਦਿਖਾਇਆ : ਆਭਾ ਬਾਂਸਲ ਗਮਾਡਾ ਦਫ਼ਤਰ ਵਿਚ ਈਡੀ ਦੀ ਕਾਰਵਾਈ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤੇ ਪ੍ਰਦਰਸ਼ਨ ਅਤੇ ਈਡੀ ਦੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ’ਤੇ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਆਭਾ ਬਾਂਸਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੱਡੀ ਦੇ ਸ਼ੀਸ਼ੇ ਤੋੜਨਾ ਜਾਂ ਹੰਗਾਮਾ ਕਰਨਾ ਲੋਕਤੰਤਰਿਕ ਵਿਰੋਧ ਦਾ ਤਰੀਕਾ ਨਹੀਂ ਹੈ। ਆਭਾ ਬਾਂਸਲ ਨੇ ਕਿਹਾ ਕਿ “ਜੇਕਰ ਸਰਕਾਰ ਜਾਂ ਆਮ ਆਦਮੀ ਪਾਰਟੀ ਨੂੰ ਜਾਂਚ ’ਤੇ ਕੋਈ ਇਤਰਾਜ਼ ਹੈ ਤਾਂ ਕਾਨੂੰਨੀ ਤਰੀਕੇ ਨਾਲ ਜਵਾਬ ਦੇਣਾ ਚਾਹੀਦਾ ਸੀ, ਗੁੰਡਾਗਰਦੀ ਵਾਲੇ ਰਵੱਈਏ ਨਾਲ ਨਹੀਂ।” ਕਾਨੂੰਨੀ ਵਿਵਸਥਾ ਵਿਚੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਵੇਗਾ : ਅਸ਼ੋਕ ਝਾਅ ਈਡੀ ਦੀ ਕਾਰਵਾਈ ਅਤੇ ਆਮ ਆਦਮੀ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀਆਂ ਘਟਨਾਵਾਂ ਤੇ ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਹਰੇਕ ਸੰਸਥਾ ਅਤੇ ਵਿਅਕਤੀ ਨੂੰ ਆਪਣੇ ਅਧਿਕਾਰ ਖੇਤਰ ਦੇ ਅੰਦਰ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ। ਜੇਕਰ ਕੋਈ ਕਾਨੂੰਨ ਆਪਣੇ ਹੱਥ ਵਿਚ ਲੈਂਦਾ ਹੈ, ਤਾਂ ਇਸ ਨਾਲ ਅਦਾਲਤ ਅਤੇ ਕਾਨੂੰਨੀ ਵਿਵਸਥਾ ਵਿਚੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਵੇਗਾ। ਅਸ਼ੋਕ ਝਾਅ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਅਧਿਕਾਰੀਆਂ ਦੀ ਗੱਡੀ ਦੀ ਭੰਨਤੋੜ ਕਰਨਾ ਅਤੇ ਸੁਰੱਖਿਆ ਘੇਰਾ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰਨਾ ਹੁਕਮਰਾਨਾ ਵੱਲੋਂ ਬਹੁਤ ਗ਼ਲਤ ਪੀਰਤ ਪਾਈ ਜਾ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦਾ ਕਾਨੂੰਨ ਤੇ ਵਿਸ਼ਵਾਸ ਬਣਾਏ ਰੱਖਣ ਲਈ ਸਾਰਿਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ ਅਤੇ ਪੁਲਿਸ ਨੂੰ ਗੱਡੀ ਅਤੇ ਗਮਾਡਾ ਦੀ ਇਮਾਰਤ ਦਾ ਨੁਕਸਾਨ ਕਰਨ ਵਾਲੇ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਦੂਜੇ ਪਾਸੇ, ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਕਤ ਮਾਮਲੇ ’ਚ ਕਿਸੇ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਜੇਕਰ ਕਿਸੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।