
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਬਕਾ ਫ਼ੌਜੀਆਂ ਦੇ ਇਲਾਜ ਲਈ ਬਣਾਈ ਗਈ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ’ਚ ਫ਼ਰਜ਼ੀਵਾੜੇ ਦੀ ਜਾਂਚ ਕਰ ਰਹੀ ਸੀਬੀਆਈ ਨੂੰ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਮਿਲੀਆਂ ਹਨ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸਾਬਕਾ ਫ਼ੌਜੀਆਂ ਦੇ ਇਲਾਜ ਲਈ ਬਣਾਈ ਗਈ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ’ਚ ਫ਼ਰਜ਼ੀਵਾੜੇ ਦੀ ਜਾਂਚ ਕਰ ਰਹੀ ਸੀਬੀਆਈ ਨੂੰ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਮਿਲੀਆਂ ਹਨ। ਇਹ ਫ਼ਰਜ਼ੀਵਾੜਾ 100 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਹੋ ਸਕਦਾ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮਰੀਜ਼ ਨੂੰ ਬਿਨਾਂ ਜ਼ਰੂਰਤ ਹਸਪਤਾਲ ’ਚ ਦਾਖ਼ਲ ਦਿਖਾ ਕੇ ਸਰਕਾਰ ਤੋਂ ਮੈਡੀਕਲ ਰੀਇੰਬਰਸਮੈਂਟ ਕਲੇਮ ਲਿਆ ਜਾ ਰਿਹਾ ਸੀ। ਇਕ ਹੀ ਮਰੀਜ਼ ਨੂੰ ਅਲੱਗ-ਅਲੱਗ ਸਮੇਂ ਤੇ ਹਸਪਤਾਲਾਂ ’ਚ ਵਾਰ-ਵਾਰ ਦਾਖ਼ਲ ਦਿਖਾਇਆ ਗਿਆ, ਫ਼ਰਜ਼ੀ ਮੈਡੀਕਲ ਤੇ ਟੈਸਟ ਰਿਪੋਰਟ ਤਿਆਰ ਹੋਈ ਤੇ ਦਵਾਈਆਂ ਦੇ ਵਧੇ ਹੋਏ ਬਿੱਲ ਲਗਾ ਕੇ ਭੁਗਤਾਨ ਲਿਆ ਗਿਆ। ਸੀਬੀਆਈ ਇਸ ਮਾਮਲੇ ’ਚ ਛੇਤੀ ਹੀ ਚਾਰਜਸ਼ੀਟ ਦਾਖ਼ਲ ਕਰਨ ਦੀ ਤਿਆਰੀ ’ਚ ਹੈ। ਜਾਂਚ ਏਜੰਸੀ ਨੇ ਮੰਥਨ ਹੈਲਥਕੇਅਰ, ਧਰਮ ਹਸਪਤਾਲ, ਕੇਅਰ ਪਾਰਟਨਰ ਹਾਰਟ ਸੈਂਟਰ ਦੇ ਦੋ ਬਿੱਲ ਕਲਰਕਾਂ ਸਮੇਤ ਅੱਠ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ। ਜਾਂਚ ’ਚ ਮੰਥਨ ਹੈਲਥਕੇਅਰ ਦੇ ਡਾਇਰੈਕਟਰ ਡਾ. ਵਿਕਾਸ ਸ਼ਰਮਾ ਤੇ ਡਾ. ਰਿੰਪਲ ਗੁਪਤਾ ਨੂੰ ਪੂਰੇ ਫ਼ਰਜ਼ੀਵਾੜੇ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ। ਸੀਬੀਆਈ ਦੀ ਜਾਂਚ ਦੇ ਮੁਤਾਬਕ, ਸੈਕਟਰ 38 ਸਥਿਤ ਮੰਥਨ ਹੈਲਥਕੇਅਰ ਖ਼ੁਦ ਈਸੀਐੱਚਐੱਸ ਦੇ ਦਾਇਰੇ ’ਚ ਨਹੀਂ ਆਉਂਦਾ। ਦੋਸ਼ ਹੈ ਕਿ ਇਸ ਦੇ ਡਾਇਰੈਕਟਰਾਂ ਨੇ ਹੋਰ ਹਸਪਤਾਲਾਂ ਦੇ ਨਾਲ ਕਥਿਤ ਮਿਲੀਭੁਗਤ ਕਰ ਕੇ ਮਰੀਜ਼ਾਂ ਦੇ ਫ਼ਰਜ਼ੀ ਰਿਕਾਰਡ ਤਿਆਰ ਕਰਵਾਏ ਤੇ ਈਸੀਐੱਚਐੱਸ ਦੇ ਤਹਿਤ ਮੈਡੀਕਲ ਰੀਇੰਬਰਸਮੈਂਟ ਕਲੇਮ ਹਾਸਲ ਕੀਤੇ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਸੈਕਟਰ-15 ਦੇ ਧਰਮ ਹਸਪਤਾਲ ਤੇ ਸੈਕਟਰ 19 ਦੇ ਕੇਅਰ ਪਾਰਟਨਰ ਹਾਰਟ ਸੈਂਟਰ ਦੇ ਈਸੀਐੱਚਐੱਸ ਡੈਸਕ ਦੀ ਵਰਤੋਂ ਇਸ ਪੂਰੇ ਨੈੱਟਵਰਕ ਲਈ ਕੀਤੀ ਜਾ ਰਹੀ ਸੀ।
ਐਮਰਜੈਂਸੀ ਐਡਮਿਸ਼ਨ ਤੋਂ ਲੈ ਕੇ ਰੈਫਰਲ ਤੱਕ ’ਚ ਹੇਰਾਫੇਰੀ
ਸੀਬੀਆਈ ਨੂੰ ਜਾਂਚ ’ਚ ਇਕ ਸੰਗਠਿਤ ਨੈੱਟਵਰਕ ਦੇ ਸੰਕੇਤ ਮਿਲੇ ਹਨ। ਦੋਸ਼ ਹੈ ਕਿ ਇਸ ਵਿਚ ਮਰੀਜ਼ਾਂ ਦੀ ਐਮਰਜੈਂਸੀ ਐਡਮਿਸ਼ਨ ਪ੍ਰਕਿਰਿਆ ’ਚ ਹੇਰਾਫੇਰੀ ਕੀਤੀ ਜਾਂਦੀ ਸੀ। ਜ਼ਰੂਰਤ ਨਾ ਹੋਣ ’ਤੇ ਵੀ ਮਰੀਜ਼ਾਂ ਨੂੰ ਭਰਤੀ ਦਿਖਾਇਆ ਜਾਂਦਾ ਤੇ ਬਾਅਦ ’ਚ ਰੈਫਰਲ ਦੇ ਨਾਂ ’ਤੇ ਦੂਜੇ ਹਸਪਤਾਲਾਂ ’ਚ ਭੇਜਣ ਦਾ ਰਿਕਾਰਡ ਤਿਆਰ ਕੀਤਾ ਜਾਂਦਾ। ਇਸ ਦੇ ਬਾਅਦ ਫ਼ਰਜ਼ੀ ਮੈਡੀਕਲ, ਡਾਇਗਨੋਸਟਿਕ ਰਿਪੋਰਟ ਤੇ ਦਵਾਈਆਂ ਦੇ ਬਿੱਲ ਤਿਆਰ ਕਰ ਕੇ ਈਸੀਐੱਚਐੱਸ ਦੇ ਤਹਿਤ ਕਲੇਮ ਪੇਸ਼ ਕੀਤੇ ਜਾਂਦੇ ਸਨ।
ਇਕ ਹੀ ਮਰੀਜ਼, ਕਈ ਹਸਪਤਾਲਾਂ ’ਚ ਕਈ ਵਾਰ ਦਾਖ਼ਲ
ਜਾਂਚ ’ਚ ਸੀਬੀਆਈ ਨੂੰ ਕੁਝ ਅਜਿਹੇ ਮਰੀਜ਼ਾਂ ਦੇ ਰਿਕਾਰਡ ਮਿਲੇ ਹਨ, ਜਿਨ੍ਹਾਂ ਨੂੰ ਅਲੱਗ-ਅਲੱਗ ਹਸਪਤਾਲਾਂ ’ਚ ਵਾਰ-ਵਾਰ ਦਾਖ਼ਲ ਦਿਖਾਇਆ ਗਿਆ। ਇਨ੍ਹਾਂ ’ਚ ਹੇਮਾਦੇਵੀ, ਬਲਦੇਵ ਰਾਮ, ਟੇਕ ਚੰਦ ਤੇ ਸੰਧਿਆ ਦੇਵੀ ਦੇ ਨਾਂ ਸ਼ਾਮਲ ਹਨ। ਏਜੰਸੀ ਹੁਣ ਇਹ ਮਿਲਾਨ ਕਰ ਰਹੀ ਹੈ ਕਿ ਸਬੰਧਤ ਤਰੀਕਾਂ ’ਚ ਇਹ ਮਰੀਜ਼ ਅਸਲ ’ਚ ਹਸਪਤਾਲ ’ਚ ਦਾਖ਼ਲ ਹੋਏ ਸਨ ਜਾਂ ਉਨ੍ਹਾਂ ਦੇ ਨਾਂ ਦੀ ਵਰਤੋਂ ਸਿਰਫ਼ ਕਲੇਮ ਹਾਸਲ ਕਰਨ ਲਈ ਕੀਤੀ ਗਈ।
ਅੱਧੀ-ਅੱਧੀ ਰਕਮ ਵੰਡਣ ਦਾ ਐਗਰੀਮੈਂਟ ਮਿਲਿਆ
ਸੀਬੀਆਈ ਨੂੰ ਮੰਥਨ ਹੈਲਥਕੇਅਰ ਤੇ ਧਰਮ ਹਸਪਤਾਲ ਵਿਚਾਲੇ ਇਕ ਐਗਰੀਮੈਂਟ ਵੀ ਮਿਲਿਆ ਹੈ। ਹਾਲਾਂਕਿ ਦਸਤਾਵੇਜ਼ ’ਤੇ ਦਸਤਖ਼ਤ ਨਹੀਂ ਹਨ, ਪਰ ਜਾਂਚ ਏਜੰਸੀ ਦੇ ਮੁਤਾਬਕ ਇਸ ਵਿਚ ਕਥਿਤ ਫ਼ਰਜ਼ੀਵਾੜੇ ਤੋਂ ਹਾਸਲ ਰਕਮ ਨੂੰ ਅੱਧੇ-ਅੱਧੇ ਹਿੱਸੇ ’ਚ ਵੰਡਣ ਦਾ ਜ਼ਿਕਰ ਹੈ। ਇਹ ਦਸਤਾਵੇਜ਼ ਜਾਂਚ ’ਚ ਅਹਿਮ ਕੜੀ ਮੰਨਿਆ ਜਾ ਰਿਹਾ ਹੈ। ਸੀਬੀਆਈ ਹੁਣ ਇਸ ਦੇ ਆਧਾਰ ’ਤੇ ਕਥਿਤ ਲੈਣ-ਦੇਣ ਤੇ ਸਬੰਧਤ ਲੋਕਾਂ ਦੀ ਭੂਮਿਕਾ ਦੀ ਪੁਸ਼ਟੀ ਕਰ ਰਹੀ ਹੈ।