ਪੰਜਾਬ ਦੀ ਸਿਆਸਤ 'ਚ ਭੂਚਾਲ : CM ਮਾਨ ਦੀ ਪਤਨੀ ਵਲੋਂ ਮਿਲੇ 24 ਘੰਟਿਆਂ ਦੇ ਅਲਟੀਮੇਟਮ 'ਤੇ ਤੱਤੇ ਹੋਏ ਖਹਿਰਾ, ਸਿੱਧਾ ਕਰ 'ਤਾ ਵੱਡਾ ਚੇਲੈਂਜ (ਵੀਡੀਓ) ਲੀਗਲ ਨੋਟਿਸ ਮਿਲਣ ਤੋਂ ਤੁਰੰਤ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਰੁੱਖ ਸਾਫ਼ ਕਰਦਿਆਂ ਕਿਹਾ, “ਮੈਨੂੰ ਸੀ.ਐਮ. ਦੀ ਪਤਨੀ ਦਾ ਨੋਟਿਸ ਮਿਲ ਚੁੱਕਾ ਹੈ ਪਰ ਮੈਂ ਇਸ ਦਾ ਕੋਈ ਜਵਾਬ ਨਹੀਂ ਦੇਵਾਂਗਾ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਜਾਂ ਆਪਣੀ ‘ਪੁਲਿਸ ਸਟੇਟ’ ਦਾ ਇਸਤੇਮਾਲ ਕਰਕੇ ਜੋ ਕਾਰਵਾਈ ਕਰ ਸਕਦੇ ਹਨ, ਕਰ ਲੈਣ।”
Publish Date: Fri, 04 Sep 2026 01:09 PM (IST)
Updated Date: Fri, 04 Sep 2026 01:24 PM (IST)
ਆਨਲਾਈਨ ਡੈਸਕ, ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵਿਰੋਧੀ ਧਿਰ ਦੇ ਦੋ ਨੇਤਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ। ਨੋਟਿਸ 'ਚ ਦੋਵਾਂ ਨੇਤਾਵਾਂ ਨੂੰ 24 ਘੰਟੇ ਦਾ ਸਮਾਂ ਦਿੰਦਿਆਂ ਸਪੱਸ਼ਟ ਕਿਹਾ ਗਿਆ ਹੈ ਕਿ ਉਹ ਆਪਣੇ ਝੂਠੇ ਅਤੇ ਮਨਘੜਤ ਬਿਆਨਾਂ ਲਈ ਜਨਤਕ ਤੌਰ 'ਤੇ ਮਾਫ਼ੀ ਮੰਗਣ, ਨਹੀਂ ਤਾਂ ਉਨ੍ਹਾਂ ਵਿਰੁੱਧ ਅਦਾਲਤ 'ਚ ਕ੍ਰਿਮੀਨਲ ਮਾਨਹਾਨੀ (ਅਪਰਾਧਿਕ ਮਾਣਹਾਨੀ) ਦਾ ਕੇਸ ਦਰਜ ਕਰਵਾਇਆ ਜਾਵੇਗਾ।
ਸੁਖਪਾਲ ਖਹਿਰਾ ਦੀ ਖੁੱਲ੍ਹੀ ਚੁਣੌਤੀ ਅਤੇ ਮਜੀਠੀਆ ਦਾ ‘ਆਡੀਓ-ਵੀਡੀਓ’ ਦਾਅ ਮਾਮਲਾ ਉਸ ਵੇਲੇ ਹੋਰ ਗਰਮਾ ਗਿਆ ਜਦੋਂ 2 ਸਤੰਬਰ ਨੂੰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਕਥਿਤ ਆਡੀਓ-ਵੀਡੀਓ ਰਿਕਾਰਡਿੰਗ ਜਾਰੀ ਕੀਤੀ। ਮਜੀਠੀਆ ਦਾ ਦਾਅਵਾ ਸੀ ਕਿ ਇਸ ਟੇਪ 'ਚ ਵਿਚੋਲਿਆਂ ਅਤੇ ਡਾ. ਗੁਰਪ੍ਰੀਤ ਕੌਰ ਦੇ ਰਿਸ਼ਤੇਦਾਰ ਵਿਚਕਾਰ ਪੈਸਿਆਂ ਦੇ ਲੈਣ-ਦੇਣ, ਪਟਿਆਲਾ ਜੇਲ੍ਹ 'ਚ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸੀ.ਐਮ. ਹਾਊਸ 'ਚ ਮੁਲਾਕਾਤਾਂ ਨਾਲ ਜੁੜੀਆਂ ਗੱਲਾਂ ਦਰਜ ਹਨ। ਇਸੇ ਵੀਡੀਓ ਨੂੰ ਸ਼ੇਅਰ ਕਰਦਿਆਂ ਕਾਂਗਰਸੀ ਨੇਤਾ ਸੁਖਪਾਲ ਖਹਿਰਾ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਤੋਂ ਕਾਰਵਾਈ ਦੀ ਮੰਗ ਕੀਤੀ ਸੀ।
ਲੀਗਲ ਨੋਟਿਸ ਮਿਲਣ ਤੋਂ ਤੁਰੰਤ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਰੁੱਖ ਸਾਫ਼ ਕਰਦਿਆਂ ਕਿਹਾ, “ਮੈਨੂੰ ਸੀ.ਐਮ. ਦੀ ਪਤਨੀ ਦਾ ਨੋਟਿਸ ਮਿਲ ਚੁੱਕਾ ਹੈ ਪਰ ਮੈਂ ਇਸ ਦਾ ਕੋਈ ਜਵਾਬ ਨਹੀਂ ਦੇਵਾਂਗਾ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਜਾਂ ਆਪਣੀ ‘ਪੁਲਿਸ ਸਟੇਟ’ ਦਾ ਇਸਤੇਮਾਲ ਕਰਕੇ ਜੋ ਕਾਰਵਾਈ ਕਰ ਸਕਦੇ ਹਨ, ਕਰ ਲੈਣ।”
ਕੀ ਹੈ ਪੂਰਾ ਵਿਵਾਦ ?
ਇਸ ਪੂਰੇ ਸਿਆਸੀ ਭੂਚਾਲ ਦੀ ਸ਼ੁਰੂਆਤ ਅਗਸਤ 2026 'ਚ ਹੋਈ ਸੀ, ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਨੇ ਡਾ. ਗੁਰਪ੍ਰੀਤ ਕੌਰ ਮਾਨ 'ਤੇ ਗੰਭੀਰ ਦੋਸ਼ ਲਗਾਏ ਸਨ। ਸਾਬਕਾ ਜੱਜ ਦਾ ਦਾਅਵਾ ਸੀ ਕਿ ਡਾ. ਗੁਰਪ੍ਰੀਤ ਅਤੇ ਉਨ੍ਹਾਂ ਦੇ ਇੱਕ ਕਰੀਬੀ ਰਿਸ਼ਤੇਦਾਰ ਨੇ ਰੇਪ ਕੇਸ ਦੇ ਮੁੱਖ ਮੁਲਜ਼ਮ ਗੁਰ ਚਹਿਲ ਨੂੰ ਬਚਾਉਣ ਅਤੇ ਇੱਕ ਕਾਰੋਬਾਰੀ 'ਤੇ ਦਰਜ ਐਫ.ਆਈ.ਆਰ. (FIR) ਰੱਦ ਕਰਵਾਉਣ ਦੇ ਬਦਲੇ 5 ਕਰੋੜ ਰੁਪਏ ਦੀ ਕਥਿਤ ਮੰਗ ਕੀਤੀ ਸੀ। ਹਾਲਾਂਕਿ, 23 ਅਗਸਤ ਨੂੰ ਹੀ ਡਾ. ਗੁਰਪ੍ਰੀਤ ਕੌਰ ਨੇ ਸਾਬਕਾ ਜਸਟਿਸ ਰਣਜੀਤ ਸਿੰਘ ਨੂੰ ਵੀ 24 ਘੰਟਿਆਂ 'ਚ ਮਾਫ਼ੀ ਮੰਗਣ ਦਾ ਲੀਗਲ ਨੋਟਿਸ ਭੇਜਦਿਆਂ ਇਹਨਾਂ ਦੋਸ਼ਾਂ ਨੂੰ 'ਰਾਜਨੀਤਿਕ ਤੌਰ 'ਤੇ ਪ੍ਰੇਰਿਤ' ਅਤੇ ਖਹਿਰਾ ਪਰਿਵਾਰ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਨਾਲ ਜੁੜਿਆ ਹੋਇਆ ਦੱਸਿਆ ਸੀ।
NHRC ਤੱਕ ਪਹੁੰਚਿਆ ਮਾਮਲਾ ਜ਼ਿਕਰਯੋਗ ਹੈ ਕਿ ਇਸ ਪੂਰੇ ਘਟਨਾਕ੍ਰਮ 'ਚ ਲੀਗਲ ਰਾਈਟਸ ਓਬਜ਼ਰਵੇਟਰੀ (LRO) ਦੀ ਸ਼ਿਕਾਇਤ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਵੀ ਦਖਲ ਦੇ ਚੁੱਕਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਅਗਸਤ 'ਚ ਹੀ ਪੰਜਾਬ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਸਨ। ਹੁਣ ਮਾਨਹਾਨੀ ਦੇ ਇਸ ਨਵੇਂ ਲੀਗਲ ਨੋਟਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦਾ ਪਾਰਾ ਹੋਰ ਚੜ੍ਹਨਾ ਤੈਅ ਮੰਨਿਆ ਜਾ ਰਿਹਾ ਹੈ।