ਬਜ਼ੁਰਗ ਤੋਂ ਹਥਿਆਰ ਦੀ ਨੋਕ ’ਤੇ ਝਪਟੀਆਂ ਕੰਨਾਂ ਦੀਆਂ ਵਾਲੀਆਂ ਬਜ਼ੁਰਗ ਤੋਂ ਹਥਿਆਰ ਦੀ ਨੋਕ ’ਤੇ ਝਪਟੀਆਂ ਕੰਨਾਂ ਦੀਆਂ ਵਾਲੀਆਂ, ਬਜ਼ੁਰਗ ਤੋਂ ਹਥਿਆਰ ਦੀ ਨੋਕ ’ਤੇ ਝਪਟੀਆਂ ਕੰਨਾਂ ਦੀਆਂ ਵਾਲੀਆਂ,
Publish Date: Fri, 18 Sep 2026 06:38 PM (IST)
Updated Date: Fri, 18 Sep 2026 06:41 PM (IST)
- ਦੋਵੇਂ ਮੋਟਰਸਾਈਕਲ ਸਵਾਰਾਂ ਦੀ ਸੀਸੀਟੀਵੀ ਹੋਈ ਵਾਇਰਲ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਜਿੱਥੇ ਖਰੜ ਸ਼ਹਿਰ ਵਿਚ ਚੋਰਾਂ ਵੱਲੋਂ ਦਿਨ-ਦਿਹਾੜੇ ਬਜ਼ੁਰਗ ਔਰਤਾਂ ਤੇ ਹੋਰ ਝਪਟਮਾਰੀ ਤੇ ਲੁੱਟ ਦੀਆਂ ਵਾਰਦਾਤਾਂ ਹਰ ਰੋਜ ਵਾਪਰ ਰਹੀਆਂ ਹਨ, ਉੱਥੇ ਹੀ ਹੁਣ ਖਰੜ ਦੇ ਨਜ਼ਦੀਕੀ ਪਿੰਡਾਂ ਦੇ ਲੋਕ ਵੀ ਚੋਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਇਸ ਤਰ੍ਹਾਂ ਦੀ ਤਾਜ਼ਾ ਘਟਨਾ ਬੀਤੇ ਦਿਨ ਪਿੰਡ ਹਸਨਪੁਰ ਵਿਚ ਉਦੋਂ ਸਾਹਮਣੇ ਆਈ, ਜਦੋਂ ਪਿੰਡ ਵਿਚ ਕਰਿਆਨੇ ਦੀ ਦੁਕਾਨ ਚਲਾਉਂਦੇ ਇਕ ਬਜ਼ੁਰਗ ਜੋੜੇ ਨੂੰ ਮੋਟਰਸਾਈਕਲ ਸਵਾਰ ਵੱਲੋਂ ਨਿਸ਼ਾਨਾ ਬਣਾਉਂਦਿਆਂ ਬਜ਼ੁਰਗ ਔਰਤ ਤੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਇਸ ਸਬੰਧੀ ਪੀੜਤ ਰਾਜ ਰਾਣੀ ਵਾਸੀ ਮੋਰਿੰਡਾ ਦੇ ਪੁੱਤਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਹਸਨਪੁਰ ਵਿਚ ਪਿਛਲੇ ਚਾਰ ਪੀੜ੍ਹੀਆਂ ਤੋਂ ਕਰਿਆਨੇ ਦੀ ਦੁਕਾਨ ਚੱਲੀ ਆ ਰਹੀ ਹੈ, ਜਿਸ ਉੱਤੇ ਜ਼ਿਆਦਾਤਰ ਉਸਦੇ ਮਾਤਾ-ਪਿਤਾ ਬੈਠਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਮੰਗਲਵਾਰ ਸਵੇਰੇ 11 ਵਜੇ ਉਨ੍ਹਾਂ ਦੀ ਦੁਕਾਨ ਉੱਤੇ ਇਕ ਨੌਜਵਾਨ ਸਾਮਾਨ ਲੈਣ ਦੇ ਬਹਾਨੇ ਆਇਆ ਤੇ ਉਸਦੀ ਮਾਤਾ ਨੂੰ ਇਕੱਲਿਆਂ ਵੇਖ ਉਸਨੇ ਆਪਣੇ ਡੱਬ ’ਚ ਪਾਇਆ ਦਾਤਰ ਕੱਢ ਕੇ ਉਸਦੀ ਮਾਤਾ ਨੂੰ ਡਰਾ ਧਮਕਾ ਕੇ ਉਨ੍ਹਾਂ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਕੱਢਵਾ ਲਈਆਂ, ਜਦੋਂ ਕਿ ਉਸਦਾ ਦੂਜਾ ਸਾਥੀ ਜੋ ਕਿ ਦੁਕਾਨ ਤੋਂ ਕੁਝ ਦੂਰੀ ’ਤੇ ਮੋਟਰਸਾਈਕਲ ’ਤੇ ਤਿਆਰ ਖੜ੍ਹਾ ਸੀ, ਉਹ ਤੁਰੰਤ ਦੁਕਾਨ ਅੱਗੇ ਆਇਆ ਅਤੇ ਆਪਣੇ ਸਾਥੀ ਨੂੰ ਮੌਕੇ ਤੋਂ ਲੈ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਗੁਆਂਢੀਆਂ ਦੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਉਨ੍ਹਾਂ ਵੱਲੋਂ ਖਰੜ ਤੇ ਕੁਝ ਹੋਰ ਸ਼ਹਿਰਾਂ ਦੇ ਗਰੁੱਪਾਂ ’ਚ ਪਵਾ ਦਿੱਤੀ ਗਈ ਹੈ ਤਾਂ ਜੋ ਝਪਟਮਾਰਾਂ ਦੀ ਪਛਾਣ ਹੋ ਸਕੇ। ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਥਾਣਾ ਸਦਰ ਖਰੜ ਤੋਂ ਉਨ੍ਹਾਂ ਨੂੰ ਫੋਨ ਜ਼ਰੂਰ ਆਇਆ ਸੀ ਪਰ ਤਿੰਨ ਦਿਨ ਬੀਤਣ ’ਤੇ ਵੀ ਕੋਈ ਮੁਲਾਜ਼ਮ ਉਨ੍ਹਾਂ ਦੇ ਬਿਆਨ ਲੈਣ ਤੇ ਮੌਕਾ ਵੇਖਣ ਤੱਕ ਨਹੀਂ ਆਇਆ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਦਰ ਖਰੜ ਦੇ ਐੱਸਐੱਚਓ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਉਨ੍ਹਾਂ ਦੇ ਧਿਆਨ ਵਿਚ ਆਈ ਹੈ ਅਤੇ ਅੱਜ ਹੀ ਇਸ ਘਟਨਾ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।