ਗਿਆਨ ਜਯੋਤੀ ਸਕੂਲ ’ਚ ਮਨਾਇਆ ਦੁਸਹਿਰੇ ਦਾ ਤਿਉਹਾਰ ਗਿਆਨ ਜਯੋਤੀ ਸਕੂਲ ’ਚ ਮਨਾਇਆ ਦੁਸਹਿਰੇ ਦਾ ਤਿਉਹਾਰ
Publish Date: Mon, 19 Oct 2026 06:01 PM (IST)
Updated Date: Mon, 19 Oct 2026 06:03 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਬਦੀ ਉੱਤੀ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸਵ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ’ਚ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਦੁਸਹਿਰੇ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਸੱਚਾਈ, ਨੇਕੀ ਤੇ ਧਰਮ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਰਾਮਾਇਣ ਅਤੇ ਰਾਮਲੀਲਾ ਦੀ ਮਨਮੋਹਕ ਪੇਸ਼ਕਾਰੀ ਦਰਸ਼ਕਾਂ ਦੀ ਖਿੱਚ ਦਾ ਕੇਂਦਰੀ ਰਹੀ। ਵਿਦਿਆਰਥੀਆਂ ਨੇ ਆਪਣੀ ਅਦਾਕਾਰੀ ਰਾਹੀਂ ਰਾਮਾਇਣ ਦੇ ਮਹੱਤਵਪੂਰਨ ਪ੍ਰਸੰਗਾਂ ਨੂੰ ਜੀਵੰਤ ਕਰ ਦਿੱਤਾ। ਇਸ ਪੇਸ਼ਕਾਰੀ ਨੇ ਹਿੰਮਤ, ਭਗਤੀ, ਆਗਿਆਕਾਰੀ ਹੋਣ, ਵੱਡਿਆਂ ਦਾ ਸਤਿਕਾਰ ਕਰਨ ਅਤੇ ਸਹੀ ਗੱਲ ਲਈ ਡਟ ਕੇ ਖੜ੍ਹੇ ਰਹਿਣ ਵਰਗੀਆਂ ਕਦਰਾਂ-ਕੀਮਤਾਂ ਦਾ ਸੁਨੇਹਾ ਦਿੱਤਾ। ਇਸ ਤੋਂ ਇਲਾਵਾ, ਦੁਸਹਿਰੇ ਬਾਰੇ ਵਿਦਿਆਰਥੀਆਂ ਵੱਲੋਂ ਰਚੀ ਗਈ ਸਵੈ-ਰਚਿਤ ਕਵਿਤਾ ਨੇ ਪ੍ਰੋਗਰਾਮ ’ਚ ਰਚਨਾਤਮਕਤਾ ਅਤੇ ਤਿਉਹਾਰੀ ਰੰਗ ਭਰ ਦਿੱਤਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਗਿਆਨ ਜੋਤ ਨੇ ਆਪਣੇ ਪ੍ਰੇਰਨਾਦਾਇਕ ਸੰਦੇਸ਼ ਰਾਹੀਂ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਅਪਣਾਉਣ, ਇਮਾਨਦਾਰੀ ਅਤੇ ਦਿਆਲਤਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਨਕਾਰਾਤਮਕ ਸੋਚ ਤੇ ਬੁਰੇ ਕੰਮਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਕਿ ਅਸਲ ਜਿੱਤ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰਕੇ ਚੰਗੇ ਇਨਸਾਨ ਬਣਨ ’ਚ ਹੈ। ਇਹ ਸਮਾਗਮ ਸਿੱਖਿਆ, ਰਚਨਾਤਮਕਤਾ ਅਤੇ ਸੱਭਿਆਚਾਰਕ ਚੇਤਨਾ ਦਾ ਸੁੰਦਰ ਸੁਮੇਲ ਸਾਬਤ ਹੋਇਆ। ਇਸ ਨੇ ਵਿਦਿਆਰਥੀਆਂ ’ਚ ਨੈਤਿਕ ਕਦਰਾਂ-ਕੀਮਤਾਂ, ਚੰਗੇ ਆਚਰਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਗਿਆਨ ਜਯੋਤੀ ਸਕੂਲ ਦਾ ਇਹ ਉਪਰਾਲਾ ਵਿਦਿਆਰਥੀਆਂ ਨੂੰ ਜ਼ਿੰਮੇਵਾਰ, ਨੈਤਿਕ ਅਤੇ ਚੰਗੇ ਚਰਿੱਤਰ ਵਾਲੇ ਨਾਗਰਿਕ ਬਣਾਉਣ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।