ਪੰਜਾਬ ’ਚ ਆਮ ਨਾਗਰਿਕ ਹੀ ਨਹੀਂ, ਪੁਲਿਸ ਵੀ ਸੁਰੱਖਿਅਤ ਨਹੀਂ : ਤਿਵਾੜੀ ਲਾਲੜੂ ’ਚ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ
Publish Date: Mon, 21 Sep 2026 07:55 PM (IST)
Updated Date: Tue, 22 Sep 2026 04:09 AM (IST)
ਲਾਲੜੂ ’ਚ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਭਾਰਤੀ ਜਨਤਾ ਪਾਰਟੀ ਵੱਲੋਂ ‘ਨਸ਼ਾ ਮੁਕਤ ਪੰਜਾਬ’ ਦੇ ਨਾਅਰੇ ਹੇਠ ਕੱਢੀ ਜਾ ਰਹੀ ਯਾਤਰਾ ਦਾ ਲਾਲੜੂ ਪੁੱਜਣ ’ਤੇ ਭਾਜਪਾ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਪੰਜਾਬ ਇੰਫੋਟੈਕ ਦੇ ਸਾਬਕਾ ਚੇਅਰਮੈਨ ਐੱਸਐੱਮਐੱਸ ਸੰਧੂ ਤੇ ਭਾਜਪਾ ਜ਼ਿਲ੍ਹਾ ਮੋਹਾਲੀ ਦੇ ਸਾਬਕਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਦਿੱਲੀ ਤੋਂ ਸੰਸਦ ਮਨੋਜ ਤਿਵਾੜੀ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਪਾਰਟੀ ਦੀ ਰਾਜਨੀਤੀ ਦੀ ਬਜਾਏ ਸਮਾਜਿਕ ਮੁੱਦੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਦੇਸ਼ ਦੇ ਵਿਕਾਸ ਅਤੇ ਅੰਦਰੂਨੀ ਸੁਰੱਖਿਆ ਨੂੰ ਤਰਜੀਹ ਦਿੱਤੀ ਗਈ ਹੈ। ਮਨੋਜ ਤਿਵਾੜੀ ਨੇ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਕੀਤੇ ਸਨ, ਪਰ ਇਸ ਦੇ ਬਾਵਜੂਦ ਨਸ਼ਿਆਂ ਦੀ ਸਮੱਸਿਆ ਖ਼ਤਮ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਤਸਕਰਾਂ ਨੂੰ ਸਰਕਾਰੀ ਪੱਧਰ ’ਤੇ ਮਿਲ ਰਹੀ ਕਥਿਤ ਹਮਾਇਤ ਕਾਰਨ ਸਮੱਸਿਆ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਨਹੀਂ ਪਾਇਆ ਜਾ ਰਿਹਾ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਨਸ਼ਾ ਪੰਜਾਬ ਦੇ ਘਰ-ਘਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਸ ਸਮੱਸਿਆ ਦਾ ਕਿਸੇ ਪਾਰਟੀ, ਵਰਗ ਜਾਂ ਆਰਥਿਕ ਸਥਿਤੀ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਲੋਕਾਂ ਨੂੰ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ਾ ਛੁਡਾਊ ਕੇਂਦਰਾਂ ਤੱਕ ਪਹੁੰਚ ਕਰਨ ਵਾਲਿਆਂ ਦੀ ਗਿਣਤੀ ਵੱਡੀ ਹੈ, ਜੋ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਐੱਸਐੱਮਐੱਸ ਸੰਧੂ ਨੇ ਮਨੋਜ ਤਿਵਾੜੀ ਅਤੇ ਸਤਨਾਮ ਸਿੰਘ ਸੰਧੂ ਦਾ ਸਵਾਗਤ ਕਰਦਿਆਂ ਕਿਹਾ ਕਿ ਡੇਰਾਬੱਸੀ ਹਲਕੇ ਦੇ ਲੋਕ ਭਾਜਪਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਪਾਰਟੀ ਹਾਈਕਮਾਂਡ ਤੋਂ ਡੇਰਾਬੱਸੀ ਹਲਕੇ ਲਈ ਭਾਜਪਾ ਦੇ ਉਮੀਦਵਾਰ ਦਾ ਐਲਾਨ ਜਲਦ ਕਰਨ ਦੀ ਮੰਗ ਕੀਤੀ, ਤਾਂ ਜੋ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੇ ਹਲਕਾ ਕੁਆਰਡੀਨੇਟਰ ਅਤੇ ਭਾਜਪਾ ਓਬੀਸੀ ਦੇ ਜਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਟਿੰਕੂ, ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਮਾਰਕੀਟ ਕਮੇਟੀ ਲਾਲੜੂ ਦੇ ਸਾਬਕਾ ਚੇਅਰਮੈਨ ਜਸ਼ਮੇਰ ਰਾਣਾ, ਐਡਵੋਕੇਟ ਰਾਜੇਸ਼ ਰਾਣਾ, ਰਾਜਪਾਲ ਟਰੜਕ, ਸੋਮ ਚੰਦ ਗੋਇਲ, ਰਾਜੀਵ ਸ਼ਰਮਾ, ਗੁਰਮੀਤ ਟਿਵਾਣਾ, ਸੰਜੂ ਰਾਣਾ, ਸੁਰਿੰਦਰ, ਰਣਬੀਰ ਬਿੱਟੂ, ਰਵਿੰਦਰ ਰਾਣਾ, ਵਿਕਾਸ ਰਿੰਕੂ, ਦਸ਼ਰਥ ਸਿੰਘ, ਨਕਲ ਸਿੰਘ ਆਦਿ ਵੀ ਹਾਜ਼ਰ ਸਨ।